London Sikh Girl Grooming Gang Incident Highly Condemnable
ਲੰਡਨ ਵਿੱਚ ਸਿੱਖ ਬੱਚੀ ਨਾਲ ਵਾਪਰੀ ਗਰੂਮਿੰਗ ਗੈਂਗ ਘਟਨਾ ਅੱਤ ਨਿੰਦਣਯੋਗ – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ

18 ਜਨਵਰੀ 2026, ਲੰਡਨ-ਪਿਛਲੇ ਦਿਨੀਂ ਲੰਡਨ ਦੇ ਇੱਕ ਸ਼ਹਿਰ ਵਿੱਚ ਇੱਕ ਸਿੱਖ ਬੱਚੀ ਨਾਲ ਵਾਪਰੀ ਗਰੂਮਿੰਗ ਗੈਂਗ ਦੀ ਗੰਭੀਰ ਘਟਨਾ ਨੇ ਪੂਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿੱਚ ਜਿੱਥੇ ਦੋਸ਼ੀ ਅਨਸਰਾਂ ਦੀ ਕਰਤੂਤ ਅੱਤਨਿੰਦਣਯੋਗ ਹੈ, ਉੱਥੇ ਹੀ ਸਿੱਖ ਨੌਜਵਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੱਗੇ ਆ ਕੇ ਸਿੱਖ ਬੱਚੀ ਨੂੰ ਸੁਰੱਖਿਅਤ ਤਰੀਕੇ ਨਾਲ ਉਸਦੇ ਪਰਿਵਾਰ ਤੱਕ ਪਹੁੰਚਾਇਆ ਗਿਆ।
ਇਸ ਸੰਬੰਧ ਵਿੱਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਕਿਹਾ ਕਿ ਲੰਡਨ ਵਿੱਚ ਵਾਪਰੀ ਇਹ ਘਟਨਾ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਹੈ, ਜੋ ਵਿਦੇਸ਼ਾਂ ਵਿੱਚ ਵੱਸ ਰਹੀ ਸਿੱਖ ਕੌਮ ਲਈ ਵੱਡੀ ਚੇਤਾਵਨੀ ਹੈ।
ਸੰਤ ਗਿਆਨੀ ਹਰਨਾਮ ਸਿੰਘ ਜੀ ਨੇ ਕਿਹਾ (ਏ ਕੇ ਮੀਡੀਆ ਦੇ ਭਾਈ ਜੱਸਾ ਸਿੰਘ) ਸ਼ੇਰੇ ਏ ਪੰਜਾਬ ਲੰਡਨ ਦੇ ਸਮੂਹ ਨੌਜਵਾਨਾਂ ਅਤੇ ਸਿੱਖ ਯੂਥ ਯੂ.ਕੇ ਦੇ ਭਾਈ ਦੀਪਾ ਸਿੰਘ ਸਮੇਤ ਹੋਰ ਸਿੱਖ ਨੌਜਵਾਨਾਂ ਵੱਲੋਂ ਨਿਭਾਇਆ ਗਿਆ ਰੋਲ ਬੇਹੱਦ ਸਲਾਹੁਣਯੋਗ ਹੈ। ਉਹਨਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗੇ ਆ ਕੇ ਸਿੱਖ ਬੱਚੀ ਦੇ ਹੱਕ ਵਿੱਚ ਖੜ੍ਹ ਕੇ ਉਸਨੂੰ ਸੁਰੱਖਿਅਤ ਉਸਦੇ ਘਰ ਤੱਕ ਪਹੁੰਚਾਇਆ।
ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਦੋਸ਼ੀਆਂ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਸਿੱਖ ਬੱਚੀ ਦੀ ਰੱਖਿਆ ਲਈ ਕਦਮ ਚੁੱਕੇ, ਉਹ ਨੌਜਵਾਨ ਪੂਰੀ ਸਿੱਖ ਕੌਮ ਵੱਲੋਂ ਸ਼ਾਬਾਸ਼ ਦੇ ਹੱਕਦਾਰ ਹਨ। ਨਾਲ ਹੀ ਉਹਨਾਂ ਨੇ ਗਰੂਮਿੰਗ ਵਰਗੀਆਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਸਮੇਂ-ਸਮੇਂ ਤੇ ਸਰਗਰਮ ਹੋ ਕੇ ਕੰਮ ਕਰਨ ਵਾਲੀਆਂ ਹੋਰ ਸਿੱਖ ਜਥੇਬੰਦੀਆਂ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਨੌਜਵਾਨ ਕੌਮ ਦੀ ਰੱਖਿਆ ਲਈ ਆਪਣੀ ਜਾਨ ਹਥੇਲੀ ’ਤੇ ਰੱਖ ਕੇ ਸੰਘਰਸ਼ ਕਰ ਰਹੇ ਹਨ, ਸਾਨੂੰ ਡੱਟ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਗੁਰਦੁਆਰਿਆਂ ਵਿੱਚ ਜਾਗਰੂਕਤਾ ਅਵੇਅਰਨੈਸ ਦੇ ਕੈਂਪ ਲਗਾ ਕੇ ਨੌਜਵਾਨਾਂ ਬੱਚਿਆਂ ਅਤੇ ਮਾਪਿਆਂ ਨੂੰ ਗਰੂਮਿੰਗ ਵਰਗੀਆਂ ਘਟਨਾਵਾਂ ਤੋਂ ਸੁਚੇਤ ਕਰਨਾ ਸਮੇਂ ਦੀ ਵੱਡੀ ਲੋੜ ਹੈ।
ਆਖਰ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਪਸ਼ਟ ਕੀਤਾ ਕਿ ਦਮਦਮੀ ਟਕਸਾਲ ਪਹਿਲਾਂ ਵੀ ਇਨ੍ਹਾਂ ਨੌਜਵਾਨਾਂ ਦੇ ਨਾਲ ਖੜੀ ਸੀ ਅਤੇ ਭਵਿੱਖ ਵਿੱਚ ਵੀ ਪੂਰੀ ਤਾਕਤ ਨਾਲ ਉਹਨਾਂ ਦਾ ਸਾਥ ਦੇਵੇਗੀ। ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇੰਗਲੈਂਡ ਹੀ ਨਹੀਂ, ਸਗੋਂ ਅਮਰੀਕਾ, ਕਨੇਡਾ, ਜਰਮਨੀ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਵੀ ਜਿੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਸਿੱਖ ਅੱਗੇ ਆ ਕੇ ਆਪਣੇ ਬੱਚਿਆਂ ਦੀ ਰੱਖਿਆ ਲਈ ਸਾਂਝਾ ਰੋਲ ਅਦਾ ਕਰਨ।
ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਖ਼ਾਸ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ, ਖ਼ਾਸ ਕਰਕੇ ਬੱਚੀਆਂ ਨੂੰ ਸਿੱਖੀ ਅਤੇ ਗੁਰਸਿੱਖੀ ਦੀ ਮਜ਼ਬੂਤ ਸਿੱਖਿਆ ਦੇ ਕੇ ਮਾੜੇ ਅਨਸਰਾਂ ਦੇ ਬਹਿਕਾਵੇ ਤੋਂ ਬਚਾਇਆ ਜਾਵੇ ਅਤੇ ਹਰ ਪੱਖੋਂ ਜਾਗਰੂਕ ਕੀਤਾ ਜਾਵੇ।
