Another road in Ludhiana collapses! A large pothole has formed; traffic is disrupted
ਲੁਧਿਆਣਾ ਦੀ ਇਕ ਹੋਰ ਸੜਕ ਧਸੀ! ਪੈ ਗਿਆ ਵੱਡਾ ਟੋਇਆ; ਆਵਾਜਾਈ ਠੱਪ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਲੁਧਿਆਣਾ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਆਏ ਦਿਨ ਸੜਕ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਾਡਲ ਟਾਊਨ, ਆਨ ਹੋਟਲ ਰੋਡ, ਗੁਰਦੇਵ ਨਗਰ ਤੋਂ ਬਾਅਦ ਹੁਣ ਕਿਚਲੂ ਨਗਰ ‘ਚ ਮੇਨ ਰੋਡ ‘ਤੇ ਲਗਾਤਾਰ ਦੂਸਰੀ ਵਾਰ ਸੜਕ ਧੱਸ ਗਈ ਹੈ। ਦੋ ਦਿਨ ਪਹਿਲਾਂ ਕਿਚਲੂ ਨਗਰ ਮੇਨ ਰੋਡ ‘ਤੇ ਸੜਕ ਵਿਚ ਬਹੁਤ ਵੱਡਾ ਟੋਇਆ ਪੈ ਗਿਆ ਸੀ। ਉਸ ਤੋਂ ਬਾਅਦ ਰੋਜ਼ ਗਾਰਡਨ ਵਿਚ ਸੜਕ ਧੱਸ ਗਈ ਸੀ। ਹੁਣ ਕਿਚਲੂ ਨਗਰ ਮੇਨ ਰੋਡ ‘ਤੇ ਧਾਮੀ ਹਸਪਤਾਲ ਰੋਡ ‘ਤੇ ਲਾਇਲਪੁਰ ਸਵੀਟਸ ਦੇ ਕੋਲ ਸੜਕ ਧੱਸ ਗਈ ਹੈ। ਇਸ ਵਿਚ ਇਕ ਟਰੱਕ ਧੱਸ ਗਿਆ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਚਲੂ ਨਗਰ ਮੇਨ ਰੋਡ ‘ਤੇ ਸੜਕ ਧੱਸੀ ਹੈ। ਇਸ ਤੋਂ ਪਹਿਲਾਂ ਧਾਮੀ ਹਸਪਤਾਲ ਦੇ ਬਾਹਰ ਵੀ ਸੜਕ ਧੱਸ ਗਈ ਸੀ। ਬਾਰੀ ਬਾਰਿਸ਼ ਦੇ ਮੌਸਮ ਵਿਚਾਲੇ ਇਕ ਤੋਂ ਬਾਅਦ ਇਕ ਸੜਕ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਉਹ ਮਹਿਸੂਸ ਕਰ ਰਹੇ ਹਨ ਕਿ ਸੜਕਾਂ ‘ਤੇ ਚੱਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ। ਸੜਕਾਂ ਕਾਫ਼ੀ ਖੋਖਲੀਆਂ ਹੋ ਚੁੱਕੀਆਂ ਹਨ। ਇਸ ਬਾਰੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਵਰੇਜ ਤੇ ਪਾਣੀ ਦੀ ਪਾਈਪ ਵਿਚ ਲੀਕੇਜ ਹੁੰਦੀ ਹੈ ਤਾਂ ਮਿੱਟੀ ਵੀ ਨਾਲ ਹੀ ਖਿਸਕ ਜਾਂਦੀ ਹੈ, ਇਸ ਕਰਕੇ ਉਸ ਪੁਆਇੰਟ ਤੋਂ ਸੜਕ ਖੋਖਲੀ ਹੋ ਜਾਂਦੀ ਹੈ। ਉੱਪਰੋਂ ਜਦੋਂ ਭਾਰੀ ਵਾਹਨ ਨਿਕਲਦਾ ਹੈ ਤਾਂ ਸੜਕ ਧੱਸ ਜਾਂਦੀ ਹੈ। ਇਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਮਿਸ਼ਨਰ ਵੱਲੋਂ ਬੀ. ਐਂਡ ਆਰ. ਦੇ ਅਧਿਕਾਰੀਆਂ ਨੂੰ ਟਰੱਕ ਨੂੰ ਬਾਹਰ ਕਢਵਾਉਣ ਅਤੇ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਘਟਨਾ ਤੋਂ ਬਾਅਦ ਮੇਨ ਰੋਡ ਦੀ ਟ੍ਰੈਫ਼ਿਕ ਬੰਦ ਕਰ ਦਿੱਤੀ ਗਈ ਹੈ। ਇੱਥੋਂ ਵਾਹਨਾਂ ਦੀ ਆਵਾਜਾਈ ਬਿਲਕੁੱਲ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਗੱਡੀਆਂ ਨੂੰ ਨਾਲ ਲਗਦੀਆਂ ਗਲੀਆਂ ਵਿਚੋਂ ਨਿਕਲਣਾ ਪੈ ਰਿਹਾ ਹੈ, ਜਿਸ ਕਾਰਨ ਜਾਮ ਲੱਗਿਆ ਹੋਇਆ ਹੈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

