Work will remain suspended in Punjab for 2 days! Those who are going to get registration and driving license should be ALERT
ਪੰਜਾਬ ‘ਚ 2 ਦਿਨ ਠੱਪ ਰਹੇਗਾ ਕੰਮ! ਰਜਿਸਟਰੀ ਕਰਾਉਣ ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਹੋ ਜਾਣ ALERT
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਜੇਕਰ ਤੁਸੀਂ ਆਉਣ ਵਾਲੇ 2 ਦਿਨਾਂ ਦੌਰਾਨ ਕਿਸੇ ਸਰਕਾਰੀ ਕੰਮ ਦੇ ਸਿਲਸਿਲੇ ’ਚ ਸਰਕਾਰੀ ਦਫ਼ਤਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੁਕ ਜਾਓ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਸੂਬੇ ਭਰ ਦਾ ਕਲੈਰੀਕਲ ਸਟਾਫ਼ 3 ਦਿਨਾਂ ਦੀ ਹੜਤਾਲ ’ਤੇ ਚਲਾ ਗਿਆ ਹੈ, ਜਿਸ ਕਾਰਨ ਸੂਬੇ ਦੇ ਤਮਾਮ ਸਰਕਾਰੀ ਦਫ਼ਤਰਾਂ ’ਚ ਪ੍ਰਸ਼ਾਸਨਿਕ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ ਅਤੇ ਆਮ ਜਨਤਾ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਹੜਤਾਲ 5 ਅਗਸਤ ਤੋਂ ਸ਼ੁਰੂ ਹੋਈ ਸੀ, ਜੋ ਕਿ 7 ਅਗਸਤ ਤੱਕ ਚੱਲੇਗੀ। ਯੂਨੀਅਨ ਦੇ ਫ਼ੈਸਲੇ ਅਨੁਸਾਰ ਕਰਮਚਾਰੀਆਂ ਵੱਲੋਂ ਪਹਿਲੇ ਦੋ ਦਿਨ ਕਲਮ ਛੋੜ ਅਤੇ ਕੰਪਿਊਟਰ ਸ਼ਟਡਾਊਨ ਹੜਤਾਲ ਰੱਖੀ ਜਾਵੇਗੀ, ਜਦਕਿ ਤੀਜੇ ਦਿਨ ਸਾਰੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਕੂਚ ਕਰਨਗੇ। ਯੂਨੀਅਨ ਦੇ ਸੂਬਾ ਪ੍ਰਧਾਨ ਵਿੱਕੀ ਜੁਨੇਜਾ ਨੇ ਸਾਫ਼ ਕੀਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਬਕਾਇਆ ਅਤੇ ਜਾਇਜ਼ ਮੰਗਾਂ ਨੂੰ ਜਲਦ ਨਾ ਮੰਨਿਆ, ਤਾਂ ਇਸ ਸੰਘਰਸ਼ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾ ਸਕਦਾ ਹੈ। ਯੂਨੀਅਨ ਆਗੂਆਂ ਨੇ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਸਟਾਫ਼ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਦਫ਼ਤਰ ’ਚ ਮੌਜੂਦ ਰਹਿ ਕੇ ਵੀ ਕੋਈ ਫ਼ਾਈਲ ਜਾਂ ਕੰਪਿਊਟਰ ਨਾਲ ਜੁੜਿਆ ਕੰਮ ਨਾ ਕੀਤਾ ਜਾਵੇ। ਹੜਤਾਲ ਨੂੰ 100 ਫ਼ੀਸਦੀ ਸਫ਼ਲ ਬਣਾਉਣ ਲਈ ਯੂਨੀਅਨ ਦੀਆਂ ਵਿਸ਼ੇਸ਼ ਟੀਮਾਂ ਦਫ਼ਤਰਾਂ ’ਚ ਅਚਨਚੇਤ ਨਿਰੀਖਣ ਕਰਨਗੀਆਂ। ਜੇਕਰ ਕੋਈ ਕਰਮਚਾਰੀ ਕੰਮ ਕਰਦਾ ਪਾਇਆ ਗਿਆ ਤਾਂ ਜੱਥੇਬੰਦੀ ਵੱਲੋਂ ਉਸ ਦਾ ਸਮਾਜਿਕ ਤੇ ਪ੍ਰਸ਼ਾਸਨਿਕ ਬਾਈਕਾਟ ਕੀਤਾ ਜਾਵੇਗਾ। ਅਫ਼ਸਰਾਂ ਦੀ ਫ਼ਾਈਲ ਮੂਵਮੈਂਟ ਪੂਰੀ ਤਰ੍ਹਾਂ ਕਲੈਰੀਕਲ ਸਟਾਫ਼ ’ਤੇ ਨਿਰਭਰ ਹੋਣ ਕਾਰਨ ਅਧਿਕਾਰੀਆਂ ਦਾ ਕੰਮਕਾਜ ਵੀ ਪ੍ਰਭਾਵਿਤ ਰਹੇਗਾ। ਜ਼ਮੀਨਾਂ ਦੀ ਰਜਿਸਟਰੀ, ਐੱਨ. ਓ. ਸੀ., ਇੰਤਕਾਲ ਅਤੇ ਜਾਤੀ, ਰਿਹਾਇਸ਼ ਅਤੇ ਆਮਦਨ ਸਰਟੀਫ਼ਿਕੇਟ ਵਰਗੇ ਸਾਰੇ ਕੰਮ ਠੱਪ ਰਹਿਣਗੇ। ਕੋਈ ਵੈਰੀਫ਼ਿਕੇਸ਼ਨ ਨਹੀਂ ਹੋਵੇਗੀ। ਟਰਾਂਸਪੋਰਟ ਵਿਭਾਗ ’ਚ ਆਰ. ਟੀ. ਓ. ਦਫ਼ਤਰਾਂ ਦੇ ਕਲੈਰੀਕਲ ਸਟਾਫ਼ ਦੇ ਹੜਤਾਲ ’ਤੇ ਰਹਿਣ ਨਾਲ ਡਰਾਈਵਿੰਗ ਲਾਇਸੈਂਸ, ਗੱਡੀਆਂ ਦੀ ਆਰ. ਸੀ. ਅਤੇ ਫ਼ਿੱਟਨੈੱਸ ਸਰਟੀਫ਼ਿਕੇਟ ਦਾ ਕੰਮ ਬੰਦ ਰਹੇਗਾ। ਸਰਕਾਰੀ ਕਰਮਚਾਰੀਆਂ ਦੇ ਮੈਡੀਕਲ ਬਿੱਲ ਕਲੀਅਰੈਂਸ, ਦਿਵਿਆਂਗ ਸਰਟੀਫ਼ਿਕੇਟ ਅਤੇ ਫ਼ੂਡ ਸੇਫ਼ਟੀ ਨਾਲ ਜੁੜੀਆਂ ਫ਼ਾਈਲਾਂ ਪੂਰੀ ਤਰ੍ਹਾਂ ਅਟਕੀਆਂ ਰਹਿਣਗੀਆਂ। ਹਾਲਾਂਕਿ ਸੇਵਾ ਕੇਂਦਰਾਂ ਦੇ ਕਾਊਂਟਰ ਖੁੱਲ੍ਹੇ ਰਹਿਣਗੇ ਅਤੇ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ ਪਰ ਸਬੰਧਿਤ ਵਿਭਾਗਾਂ ਦਾ ਸਟਾਫ਼ ਮੌਜੂਦ ਨਾ ਹੋਣ ਕਾਰਨ ਇਨ੍ਹਾਂ ਅਰਜ਼ੀਆਂ ਦੀ ਵੈਰੀਫ਼ਿਕੇਸ਼ਨ ਨਹੀਂ ਹੋ ਸਕੇਗੀ, ਜਿਸ ਨਾਲ ਪੈਂਡੈਂਸੀ ਦਾ ਅੰਬਾਰ ਲੱਗ ਜਾਵੇਗਾ।

