Atmosphere worsens in PoK! Pakistan army opens fire on people
PoK ‘ਚ ਵਿਗੜਿਆ ਮਾਹੌਲ ! ਪਾਕਿ ਫ਼ੌਜ ਨੇ ਲੋਕਾਂ ‘ਤੇ ਕਰ’ਤੀ ਫਾਇਰਿੰਗ
ਮੁਜ਼ੱਫਰਾਬਾਦ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਐਤਵਾਰ ਨੂੰ ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੀ ਸ਼ਾਂਤੀਪੂਰਨ ਪ੍ਰਦਰਸ਼ਨ ਰੈਲੀ ’ਤੇ ਪਾਕਿਸਤਾਨੀ ਫੋਰਸ ਨੇ ਗੋਲੀਆਂ ਚਲਾ ਦਿੱਤੀਆਂ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨੇ ਦਾਅਵਾ ਕੀਤਾ ਕਿ ਅੱਬਾਸਪੁਰ ਦੇ ਸਰਦਾਰ ਗੁਲਾਮ ਹੁਸੈਨ ਖਾਨ ਸਪੋਰਟਸ ਸਟੇਡੀਅਮ ’ਚ ਕਰੀਬ 40,000 ਲੋਕ ਇਕੱਠੇ ਹੋਏ ਸਨ। ਸੰਗਠਨ ਦਾ ਦੋਸ਼ ਹੈ ਕਿ ਡੁਡੀਆਲ ਦੇ ਇਲਾਕੇ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ, ਜਿਸ ’ਚ ਕਈ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਲਾਂਕਿ, ਜ਼ਖਮੀਆਂ ਦੀ ਅਧਿਕਾਰਤ ਗਿਣਤੀ ਜਾਂ ਪਾਕਿਸਤਾਨ ਪ੍ਰਸ਼ਾਸਨ ਵੱਲੋਂ ਇਸ ’ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਇਸਲਾਮਾਬਾਦ ਸਰਕਾਰ ਦੇ ਖ਼ਿਲਾਫ਼ ਹੈ। ਨਾਲ ਹੀ, ਇਹ ਅੰਦੋਲਨ ਕਮੇਟੀ ਦੇ ਨੇਤਾਵਾਂ ਅਤੇ ਕਾਰਕੁੰਨਾਂ ਦੀ ਗ੍ਰਿਫ਼ਤਾਰੀ, ਪ੍ਰਸ਼ਾਸਨਿਕ ਨਾਕਾਮੀਆਂ ਅਤੇ ਬੁਨਿਆਦੀ ਹੱਕਾਂ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਹੈ। ਸੰਗਠਨ ਨੇ ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਅਤੇ ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਸ ਵੇਲੇ ਜੰਮੂ-ਕਸ਼ਮੀਰ ਜੇ. ਏ. ਏ. ਸੀ. ਦੇ ਮੁੱਖ ਮੈਂਬਰ ਸਰਦਾਰ ਅਮਨ ਖਾਨ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਪਾਕਿਸਤਾਨੀ ਹਕੂਮਤ ਦੇ ਜ਼ੁਲਮ, ਆਟੇ-ਰਾਸ਼ਨ ਦੀ ਭਾਰੀ ਕਿੱਲਤ ਅਤੇ ਬਦਹਾਲੀ ਦਾ ਰੋਣਾ ਰੋਂਦੇ ਹੋਏ ਸਿੱਧਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਆਵਾਜ਼ ਲਾ ਰਹੇ ਹਨ। ਭਾਰੀ ਇਕੱਠ ਦੇ ਸਾਹਮਣੇ ਸਰਦਾਰ ਅਮਨ ਨੇ ਕਿਹਾ, ‘‘ਮੈਂ ਮੇਂਢਰ, ਪੁੰਛ, ਰਾਜੌਰੀ ਅਤੇ ਡੋਡਾ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਇਸ ਹਿੱਸੇ ਵਿਚ ਰਾਸ਼ਨ ਅਤੇ ਦਵਾਈਆਂ ਦੀ ਭਾਰੀ ਕਮੀ ਹੋ ਗਈ ਹੈ। ਸਾਨੂੰ ਤੁਹਾਡੀ ਮਦਦ ਚਾਹੀਦੀ ਹੈ, ਪਲੀਜ਼ ਸਾਡੀ ਮਦਦ ਲਈ ਅੱਗੇ ਆਓ।’’ ਕਮੇਟੀ ਨੇ ਸੋਸ਼ਲ ਮੀਡੀਆ ’ਤੇ ਪੀ. ਓ. ਕੇ. ਦੇ 10 ਜ਼ਿਲ੍ਹਿਆਂ ਦੀ ਅਨੁਮਾਨਿਤ ਆਬਾਦੀ ਦਾ ਅੰਕੜਾ ਸਾਂਝਾ ਕੀਤਾ। ਸੰਗਠਨ ਮੁਤਾਬਕ, ਜੇ ਹਰੇਕ ਜ਼ਿਲੇ ’ਚੋਂ 50,000 ਲੋਕ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਤਾਂ ਕੁੱਲ ਗਿਣਤੀ 5 ਲੱਖ ਤੱਕ ਪਹੁੰਚ ਸਕਦੀ ਹੈ। ਸੰਗਠਨ ਨੇ ਲੋਕਾਂ ਨੂੰ ਚਿੱਟੇ ਝੰਡੇ ਨਾਲ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਮਕਸਦ ਦੁਨੀਆ ਨੂੰ ਇਹ ਸੰਦੇਸ਼ ਦੇਣਾ ਹੈ ਕਿ ਪ੍ਰਦਰਸ਼ਨ ਸਿਰਫ਼ ਬੁਨਿਆਦੀ ਹੱਕਾਂ ਦੀ ਮੰਗ ਲਈ ਹੈ। ਕਮੇਟੀ ਨੇਤਾ ਨੇ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨੂੰ ਹੀ ਖ਼ਤਮ ਕਰਨ ਦੀ ਗੱਲ ਕਹਿ ਦਿੱਤੀ। ਉਨ੍ਹਾਂ ਨੇ ਬਾਰਡਰ ਦੇ ਉਸ ਪਾਰ (ਭਾਰਤੀ ਹਿੱਸੇ ਵਿਚ) ਰਹਿਣ ਵਾਲੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਸੀਜ਼ਫਾਇਰ ਲਾਈਨ ਨੂੰ ਹਮੇਸ਼ਾ ਲਈ ਮਿਟਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਸਾਨੂੰ ਤੁਹਾਡਾ ਸਾਥ ਚਾਹੀਦਾ ਹੈ।

