Shocking! Jawak to be tried in Pakistan for killing 72 people
ਹੈਰਾਨੀਜਨਕ! ਪਾਕਿਸਤਾਨ ‘ਚ 72 ਲੋਕਾਂ ਦੀ ਮੌਤ ਦੇ ਮਾਮਲੇ ‘ਚ ਜਵਾਕ ‘ਤੇ ਚੱਲੇਗਾ ਕੇਸ
ਕਰਾਚੀ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਕਰਾਚੀ ਵਿੱਚ ਇਸੇ ਸਾਲ ਜਨਵਰੀ ਮਹੀਨੇ ਵਿੱਚ ਹੋਏ ਭਿਆਨਕ ਅਗਨੀਕਾਂਡ ਦੇ ਮਾਮਲੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਪੁਲਿਸ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਇੱਕ 11 ਸਾਲਾ ਮੁੰਡੇ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ‘ਤੇ ਹੁਣ 72 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਕੇਸ ਚੱਲੇਗਾ। ਪੁਲਿਸ ਅਨੁਸਾਰ ਇਹ ਹਾਦਸਾ ਕਰਾਚੀ ਦੇ ਮਸ਼ਹੂਰ ਐੱਮ. ਏ. ਜਿੱਨਾਹ ਰੋਡ ‘ਤੇ ਸਥਿਤ ਗੁਲ ਪਲਾਜ਼ਾ ਸ਼ਾਪਿੰਗ ਕੰਪਲੈਕਸ ਵਿੱਚ 17 ਜਨਵਰੀ ਨੂੰ ਵਾਪਰਿਆ ਸੀ। ਚਾਰਜਸ਼ੀਟ ਮੁਤਾਬਕ, ਇਹ ਮਾਸੂਮ ਮੁੰਡਾ ਆਪਣੇ ਪਿਤਾ ਦੀ ਗੈਰ-ਹਾਜ਼ਰੀ ਵਿੱਚ ਆਰਟੀਫੀਸ਼ੀਅਲ ਫੁੱਲਾਂ ਦੀ ਦੁਕਾਨ ਸੰਭਾਲ ਰਿਹਾ ਸੀ। ਗਵਾਹਾਂ ਅਨੁਸਾਰ ਉਹ ਦੁਕਾਨ ਵਿੱਚ ਮਾਚਿਸ ਦੀਆਂ ਤੀਲੀਆਂ ਨਾਲ ਖੇਡ ਰਿਹਾ ਸੀ, ਜਿਸ ਕਾਰਨ ਅਚਾਨਕ ਅੱਗ ਭੜਕ ਗਈ ਅਤੇ ਦੇਖਦੇ ਹੀ ਦੇਖਦੇ ਪੂਰੇ ਪਲਾਜ਼ਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਭਿਆਨਕ ਅੱਗ ਨੇ ਅਜਿਹੀ ਤਬਾਹੀ ਮਚਾਈ ਕਿ ਇਸ ਨੂੰ ਕਾਬੂ ਕਰਨ ਵਿੱਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪੂਰਾ ਇੱਕ ਹਫ਼ਤਾ ਲੱਗ ਗਿਆ। ਜਾਂਚ ਰਿਪੋਰਟ ਅਨੁਸਾਰ ਇਸ ਹਾਦਸੇ ਵਿੱਚ 72 ਲੋਕਾਂ ਦੀ ਦਰਦਨਾਕ ਮੌਤ ਹੋਈ। 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਕੁੱਲ 1,153 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜ਼ਿਲ੍ਹਾ ਸਰਕਾਰੀ ਵਕੀਲ ਅਬਦੁਲ ਰਜ਼ਾਕ ਗੁੱਜਰ ਨੇ ਦੱਸਿਆ ਕਿ ਮੁੰਡੇ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਗੁਲ ਪਲਾਜ਼ਾ ਮੈਨੇਜਮੈਂਟ ਕਮੇਟੀ ਦੇ ਚਾਰ ਮੈਂਬਰਾਂ-ਤਨਵੀਰ ਪਾਸਤਾ, ਅਮਰ ਇਸਮਾਈਲ, ਮੁਹੰਮਦ ਰਮਜ਼ਾਨ ਅਤੇ ਮੁਹੰਮਦ ਅਮੀਨ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਬਾਅਦ ਇਹ ਸਾਰੇ ਮੁਲਜ਼ਮ ਫਰਾਰ ਹਨ। ਪੁਲਿਸ ਨੇ ਚਾਰਜਸ਼ੀਟ ਵਿੱਚ 42 ਗਵਾਹਾਂ ਦੀ ਸੂਚੀ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ 13 ਸਾਲਾ ਮੁੰਡੇ ਦਾ ਬਿਆਨ ਸਭ ਤੋਂ ਅਹਿਮ ਹੈ, ਜਿਸ ਨੇ ਦੱਸਿਆ ਕਿ ਉਹ ਆਪਣੇ ਦੋਸਤ (ਮੁਲਜ਼ਮ ਬੱਚੇ) ਦੀ ਦੁਕਾਨ ‘ਤੇ ਮੌਜੂਦ ਸੀ ਅਤੇ ਉਸ ਨੇ ਆਪਣੇ ਦੋਸਤ ਨੂੰ ਮਾਚਿਸ ਨਾਲ ਖੇਡਦੇ ਦੇਖਿਆ ਸੀ, ਜਿਸ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਫਿਲਹਾਲ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਜਲਦ ਸ਼ੁਰੂ ਹੋਵੇਗੀ।

