Big announcement for the family after the death of Jyoti, a research scholar at Panjab University
ਪੰਜਾਬ ਯੂਨੀਵਰਸਿਟੀ ‘ਚ ਰਿਸਰਚ ਸਕਾਲਰ ਜੋਤੀ ਦੀ ਮੌਤ ਮਗਰੋਂ ਪਰਿਵਾਰ ਲਈ ਵੱਡਾ ਐਲਾਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਯੂਨੀਵਰਸਿਟੀ ਦੇ ਦੱਖਣੀ ਕੈਂਪਸ, ਸੈਕਟਰ-25 ‘ਚ ਕਰੰਟ ਲੱਗਣ ਕਾਰਨ ਰਿਸਰਚ ਸਕਾਲਰ ਜੋਤੀ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਰਿਵਾਰ ਦੀ ਸਹਾਇਤਾ ਲਈ ਵੱਡਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਜੋਤੀ ਦੇ ਪਰਿਵਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਵਾਈਸ ਚਾਂਸਲਰ ਦੀ ਮਨਜ਼ੂਰੀ ਨਾਲ ਪਰਿਵਾਰ ਨੂੰ ਨੌਕਰੀ ਅਤੇ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਮ੍ਰਿਤਕਾ ਦੇ ਭਰਾ, ਜਿਸ ਨੇ 10+2 ਤੋਂ ਬਾਅਦ ਆਈ. ਟੀ. ਆਈ. (ਇਲੈਕਟ੍ਰੀਸ਼ਨ) ਦੀ ਯੋਗਤਾ ਹਾਸਲ ਕੀਤੀ ਹੈ, ਨੂੰ ਨਿਯਮਾਂ ਅਤੇ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ‘ਚ ਇਲੈਕਟ੍ਰੀਸ਼ਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਿਵਾਰ ਨੂੰ ਕੁੱਲ 16 ਲੱਖ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਸ ‘ਚ 5 ਲੱਖ ਵਾਈਸ ਚਾਂਸਲਰ ਦੇ ਵਿਵੇਕਾਧੀਨ ਫੰਡ ਵਿੱਚੋਂ ਅਤੇ 11 ਲੱਖ ਡੀਨ ਸਟੂਡੈਂਟ ਵੈਲਫੇਅਰ (ਡੀ. ਐੱਸ. ਡਬਲਿਯੂ.) ਦਫ਼ਤਰ ਰਾਹੀਂ ਮੁਹੱਈਆ ਕਰਵਾਏ ਜਾਣਗੇ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਫ਼ੈਸਲੇ ਦੁੱਖ ਦੀ ਇਸ ਘੜੀ ‘ਚ ਸੋਗ ‘ਚ ਡੁੱਬੇ ਪਰਿਵਾਰ ਨੂੰ ਸਹਾਰਾ ਦੇਣ ਅਤੇ ਸੰਵੇਦਨਾ ਪ੍ਰਗਟ ਕਰਨ ਦੇ ਮੱਦੇਨਜ਼ਰ ਲਏ ਗਏ ਹਨ। ਪਰਿਵਾਰ ਜੋਤੀ ਦੇ ਪੋਸਟਮਾਰਟਮ ਲਈ ਵੀ ਰਾਜ਼ੀ ਹੋ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਜੋਤੀ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

