Big encounter in Punjab! Heavy gunfire between shooters and police
ਪੰਜਾਬ ‘ਚ ਵੱਡਾ ਐਨਕਾਊਂਟਰ! ਸ਼ੂਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਨਵਾਂਸ਼ਹਿਰ (ਆਵਾਜ਼ਿ ਕੌਮ ਬਿਊਰੋ)-ਨਵਾਂਸ਼ਹਿਰ ‘ਚ ਪੁਲਸ ਵੱਲੋਂ ਵੱਡਾ ਐਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਬੈਠੇ ਗੈਂਗਸਟਰ ਖੱਤਰੀ ਗਿਰੋਹ ਦੇ ਮੈਂਬਰਾਂ ਦੇ ਇਸ਼ਾਰੇ ‘ਤੇ ਨਵਾਂਸ਼ਹਿਰ ਦੇ ਮੂਸਾਪੁਰ ਰੋਡ ‘ਤੇ ਇਕ ਵਿਅਕਤੀ ਦਾ ਕਤਲ ਕਰਨ ਆਏ ਤਿੰਨ ਸ਼ੂਟਰਾਂ ‘ਚੋਂ ਦੋ ਨੂੰ ਪੁਲਸ ਨੇ ਕਰਾਸ ਫਾਇਰਿੰਗ ਕਰਕੇ ਗ੍ਰਿਫ਼ਤਾਰ ਕਰ ਲਿਆ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੂਸਾਪੁਰ ਰੋਡ ‘ਤੇ ਰੇਲਵੇ ਫਾਟਕ ਨੇੜੇ ਇਕ ਬਾਈਕ ਸਵਾਰ ਤਿੰਨ ਸ਼ੂਟਰ ਇਕ ਵਿਅਕਤੀ ਨੂੰ ਮਾਰਨ ਦੀ ਨੀਅਤ ਨਾਲ ਆਏ ਸਨ। ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੇ ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਦੀ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਖੱਤਰੀ ਗਿਰੋਹ ਦੇ ਮੈਂਬਰਾਂ ਨੇ ਪੁਲਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਜਵਾਬੀ ਗੋਲ਼ੀਬਾਰੀ ਕਾਰਨ ਦੋ ਸ਼ੂਟਰਾਂ ਨੂੰ ਦੋ-ਦੋ ਗੋਲ਼ੀਆਂ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਗੋਲ਼ੀਬਾਰੀ ‘ਚ ਇਕ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਜਦਕਿ ਇੰਸਪੈਕਟਰ ਨੀਰਜ ਦੇ ਕੰਨ ਠੀਕ ਕੋਲੋਂ ਤੋਂ ਸ਼ੂਟਰਾਂ ਦਾ ਇਕ ਫਾਇਰ ਨਿਕਲ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਸਮੇਤ ਗੋਲ਼ੀ ਚਲਾਉਣ ਵਾਲੇ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੂਟਰਾਂ ਦੀ ਪਛਾਣ ਅਜੈਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਉੜਾਪੜ (ਨਵਾਂਸ਼ਹਿਰ), ਅਜੈ ਪੁੱਤਰ ਬਿਹਾਰੀ ਵਾਸੀ ਜਲੰਧਰ ਅਤੇ ਫਰਾਰ ਸ਼ੂਟਰ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ 30 ਬੋਰ ਦੇ 2 ਪਿਸਤੌਲ, 3 ਮੈਗਜ਼ੀਨ, 10 ਜ਼ਿੰਦਾ ਕਾਰਤੂਸ, 6 ਚੱਲੇ ਹੋਏ ਖੋਲ ਅਤੇ ਇਕ ਗਲੋਕ 9 ਐੱਮ. ਐੱਮ. ਬਰਾਮਦ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਇਸ ਕਤਲ ਦੀ ਸਾਜ਼ਿਸ਼ ਰਚਣ ਵਾਲੇ ਵਿਦੇਸ਼ ਬੈਠੇ ਖੱਤਰੀ ਗੈਂਗ ਦੇ ਮੈਂਬਰ ਸਾਬੀ ਮੀਰਪੁਰ, ਪ੍ਰਣਵ ਸਹਿਗਲ ਉਰਫ਼ ਪਾਰੂ ਨਵਾਂਸ਼ਹਿਰ ਅਤੇ ਗੱਗੀ ਜਿਨ੍ਹਾਂ ਨੇ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ ਸੀ, ਦੇ ਸਮੇਤ ਕੁੱਲ੍ਹ 8 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦਵਿੰਦਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਤਲ ਦੀ ਕੋਸ਼ਿਸ਼ ਦਾ ਕਾਰਨ ਪੁਰਾਣੀ ਰੰਜਿਸ਼ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਅਜੈ ਪੁੱਤਰ ਬਿਹਾਰੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 5 ਮੁਕੱਦਮੇ ਦਰਜ ਹਨ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਸਰਵਜੀਤ ਸਿੰਘ ਵਾਹੀਆ, ਐੱਸ. ਐੱਚ. ਓ. ਨਵਾਂਸ਼ਹਿਰ ਸਿਟੀ ਇੰਸਪੈਕਟਰ ਅਵਤਾਰ ਸਿੰਘ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਸਮੇਤ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।

