Bilateral talks between Trump and Jinping conclude; issues including Taiwan, Iran, AI, and trade were discussed
ਟਰੰਪ ਤੇ ਜਿਨਪਿੰਗ ਵਿਚਾਲੇ ਦੁਵੱਲੀ ਗੱਲਬਾਤ ਖ਼ਤਮ, ਤਾਈਵਾਨ-ਈਰਾਨ, AI, ਵਪਾਰ ਸਣੇ ਕਈ ਮੁੱਦਿਆਂ ‘ਤੇ ਹੋਈ ਚਰਚਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵ੍ਹਾਈਟ ਹਾਊਸ ਵਿਖੇ ਇੱਕ ਮਹੱਤਵਪੂਰਨ ਦੁਵੱਲੀ ਬੈਠਕ ਹੋਈ। ਚੀਨੀ ਰਾਸ਼ਟਰਪਤੀ ਦੇ ਅਮਰੀਕਾ ਦੌਰੇ ਦੌਰਾਨ ਹੋਈ ਇਸ ਬੈਠਕ ਵਿੱਚ ਦੋਵਾਂ ਨੇਤਾਵਾਂ ਨੇ ਤਾਈਵਾਨ, ਈਰਾਨ, ਆਰਟੀਫਿਸ਼ੀਅਲ ਇੰਟੈਲੀਜੈਂਸ (AI), ਨਵੇਂ ਵਪਾਰਕ ਸਮਝੌਤਿਆਂ ਅਤੇ ਵਿਸ਼ਵ ਖੇਤਰੀ ਮੁੱਦਿਆਂ ‘ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਬੈਠਕ ਦੌਰਾਨ ਤਾਈਵਾਨ ਦਾ ਮੁੱਦਾ ਮੁੱਖ ਤੌਰ ‘ਤੇ ਉੱਭਰ ਕੇ ਸਾਹਮਣੇ ਆਇਆ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟਰੰਪ ਨੂੰ ‘ਤਾਈਵਾਨ ਦੀ ਆਜ਼ਾਦੀ’ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਦੋਵਾਂ ਆਗੂਆਂ ਨੇ ਮੱਧ ਪੂਰਬ (ਮੀਡਲ ਈਸਟ), ਯੂਕ੍ਰੇਨ ਸੰਕਟ ਅਤੇ ਕੋਰੀਆਈ ਪ੍ਰਾਇਦੀਪ ਦੇ ਹਾਲਾਤਾਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਜਿਨਪਿੰਗ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ “ਰੇਸ ਹੋਣੀ ਚਾਹੀਦੀ ਹੈ, ਰੇਸਲਿੰਗ ਨਹੀਂ”। ਉਨ੍ਹਾਂ ਦੋਵਾਂ ਦੇਸ਼ਾਂ ਦੇ ਨਵੇਂ ਵਪਾਰਕ ਸਮਝੌਤਿਆਂ ਨੂੰ ਗਲੋਬਲ ਆਰਥਿਕਤਾ ਲਈ ਇੱਕ ਬਹੁਤ ਚੰਗੀ ਖ਼ਬਰ ਦੱਸਿਆ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਦੋਵੇਂ ਦੇਸ਼ ਇਸ ਐਡਵਾਂਸ ਤਕਨਾਲੋਜੀ ਵਿੱਚ ਪ੍ਰਤੀਦਵੰਦੀ ਹਨ, ਪਰ ਵਿਸ਼ਵ ਹਿੱਤਾਂ ਅਤੇ ਵਿਕਾਸ ਲਈ ਆਪਸੀ ਸਹਿਯੋਗ ਦੇ ਵੱਡੇ ਕਾਰਨ ਮੌਜੂਦ ਹਨ। ਦੋਵਾਂ ਦੇਸ਼ਾਂ ਨੇ ਸਾਲ 2026 ਵਿੱਚ ਹੋਣ ਵਾਲੀ ਏਪੇਕ (APEC) ਬੈਠਕ ਅਤੇ ਜੀ-20 (G-20) ਸੰਮੇਲਨ ਵਿੱਚ ਇੱਕ-ਦੂਜੇ ਦਾ ਸਹਿਯੋਗ ਕਰਨ ਦੀ ਵੀ ਪੁਸ਼ਟੀ ਕੀਤੀ। ਬੈਠਕ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਦੇ ਨਵੇਂ ਹੈਲੀਪੈਡ ਦਾ ਦੌਰਾ ਕਰਵਾਇਆ ਅਤੇ ਦੋਵਾਂ ਨੇ ‘ਮਰੀਨ ਵਨ’ ਹੈਲੀਕਾਪਟਰ ਵਿੱਚ ਹਵਾਈ ਸਵਾਰੀ ਵੀ ਕੀਤੀ। ਟਰੰਪ ਨੇ ਬੈਠਕ ਨੂੰ ਸ਼ਾਨਦਾਰ ਦੱਸਦਿਆਂ ਜਿਨਪਿੰਗ ਦੀ ਤਾਰੀਫ਼ ਵੀ ਕੀਤੀ। ਚੀਨੀ ਰਾਸ਼ਟਰਪਤੀ ਦੇ ਸਨਮਾਨ ਵਿੱਚ ਵ੍ਹਾਈਟ ਹਾਊਸ ਵਿਖੇ ਇੱਕ ਵਿਸ਼ੇਸ਼ ‘ਸਟੇਟ ਡਿਨਰ’ ਦਾ ਆਯੋਜਨ ਵੀ ਕੀਤਾ ਗਿਆ।

