‘High alert’ in the holy city of Mecca! Guidelines issued for citizens as well
ਪਵਿੱਤਰ ਸ਼ਹਿਰ ਮੱਕਾ ‘ਚ ‘ਹਾਈ ਅਲਰਟ’ ! ਨਾਗਰਿਕਾਂ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ
Makka, (ਆਵਾਜ਼ਿ ਕੌਮ ਬਿਊਰੋ)-ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਸਮੇਤ ਜੇਦਾਹ, ਯਾਨਬੂ ਅਤੇ ਤਬੂਕ ਵਰਗੇ ਕਈ ਖੇਤਰਾਂ ਵਿੱਚ ਸੰਭਾਵੀ ਖ਼ਤਰੇ ਦੀ ਚੇਤਾਵਨੀ ਦਿੰਦਿਆਂ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਸਾਊਦੀ ਅਰਬ ਦੇ ‘ਨੈਸ਼ਨਲ ਅਰਲੀ ਵਾਰਨਿੰਗ ਪਲੇਟਫ਼ਾਰਮ’ ਵੱਲੋਂ ਚੇਤਾਵਨੀ ਸੰਦੇਸ਼ ਭੇਜੇ ਜਾਣ ਤੋਂ ਬਾਅਦ ਜਾਰੀ ਕੀਤਾ ਗਿਆ। ਸਾਊਦੀ ਸਿਵਲ ਡਿਫ਼ੈਂਸ ਦੇ ਡਾਇਰੈਕਟੋਰੇਟ ਨੇ ਸੋਸ਼ਲ ਮੀਡੀਆ ਮੰਚ ‘X’ ‘ਤੇ ਪੋਸਟ ਕਰਕੇ ਮੱਕਾ ਸ਼ਹਿਰ ਵਿੱਚ ਸੰਭਾਵੀ ਖ਼ਤਰੇ ਬਾਰੇ ਸੂਚਿਤ ਕੀਤਾ ਅਤੇ ਨਾਗਰਿਕਾਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਹਾਲਾਂਕਿ, ਇਹ ਅਲਰਟ ਕੁਝ ਹੀ ਮਿੰਟਾਂ ਬਾਅਦ ਹਟਾ ਲਏ ਗਏ। ਪਿਛਲੇ ਕੁਝ ਹਫ਼ਤਿਆਂ ਦੌਰਾਨ ਅਜਿਹੇ ਅਲਰਟ ਅਕਸਰ ਯਮਨ ਦੇ ਈਰਾਨ-ਸਮਰਥਿਤ ਹੂਤੀ ਬਾਗੀਆਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਤੋਂ ਪਹਿਲਾਂ ਜਾਰੀ ਹੁੰਦੇ ਰਹੇ ਹਨ।ਸਾਊਦੀ ਸਿਵਲ ਡਿਫ਼ੈਂਸ ਨੇ ਚੇਤਾਵਨੀ ਸੰਦੇਸ਼ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਸ਼ਾਂਤ ਰਹਿਣ, ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਤੁਰੰਤ ਖਿੜਕੀਆਂ ਤੋਂ ਦੂਰ ਕਿਸੇ ਸੁਰੱਖਿਅਤ ਇਮਾਰਤ ਜਾਂ ਅੰਦਰੂਨੀ ਕਮਰੇ ਵਿੱਚ ਜਾਣ ਦੀ ਅਪੀਲ ਕੀਤੀ। ਲੋਕਾਂ ਨੂੰ ਖੁੱਲ੍ਹੇ ਖੇਤਰਾਂ, ਖਿੜਕੀਆਂ, ਸ਼ੀਸ਼ਿਆਂ, ਬਾਲਕੋਨੀਆਂ, ਛੱਤਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ। ਬਾਹਰ ਮੌਜੂਦ ਲੋਕਾਂ ਨੂੰ ਨੇੜਲੀ ਇਮਾਰਤ ਜਾਂ ਪੱਕੇ ਓਹਲੇ ਵਿੱਚ ਸ਼ਰਨ ਲੈਣ ਲਈ ਕਿਹਾ ਗਿਆ, ਜਦੋਂ ਕਿ ਵਾਹਨ ਚਾਲਕਾਂ ਨੂੰ ਪੁਲਾਂ ਅਤੇ ਉੱਚੀਆਂ ਇਮਾਰਤਾਂ ਤੋਂ ਦੂਰ ਗੱਡੀ ਸੜਕ ਕਿਨਾਰੇ ਰੋਕਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਤਸਵੀਰਾਂ ਨਾ ਖਿੱਚਣ ਅਤੇ ਖ਼ਤਰਨਾਕ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ। ਕਿਸੇ ਵੀ ਖ਼ਤਰੇ ਦੀ ਸੂਰਤ ਵਿੱਚ ਮੱਕਾ, ਮਦੀਨਾ, ਰਿਆਧ ਅਤੇ ਈਸਟਰਨ ਪ੍ਰੋਵਿੰਸ ਵਿੱਚ 911 ਅਤੇ ਬਾਕੀ ਹਿੱਸਿਆਂ ਵਿੱਚ 998 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।

