BJP Minority Morcha held a protest march in memory of the victims of the 1984 Sikh massacre
1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਯਾਦ ਵਿਚ ਭਾਜਪਾ ਘੱਟ ਗਿਣਤੀ ਮੋਰਚੇ ਨੇ ਕੱਢਿਆ ਰੋਸ ਮਾਰਚ
ਸਿਰਸਾ (ਆਵਾਜ਼ਿ ਕੌਮ ਬਿਊਰੋ)- ਸਾਲ 1984 ਦੇ ਸਿੱਖ ਕਤਲੇਆਮ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਕਾਂਗਰਸ ਪ੍ਰਤੀ ਰੋਸ ਪ੍ਰਗਟਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਘੱਟ ਗਿਣਤੀ ਮੋਰਚਾ, ਹਰਿਆਣਾ ਵੱਲੋਂ ਸ਼ਨੀਵਾਰ ਨੂੰ ਰੋਸ ਮਾਰਚ ਅਤੇ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਭਾਜਪਾ ਘੱਟ ਗਿਣਤੀ ਮੋਰਚੇ ਦੇ ਸੂਬਾ ਪ੍ਰਧਾਨ ਡਾ. ਅਵਨੀਤ ਸਿੰਘ ਵੜੈਚ ਨੇ ਕੀਤੀ, ਜਦਕਿ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੇਸੂਜੋਧਾ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਰੋਸ ਮਾਰਚ ਤਿਰਲੋਕੇਵਾਲਾ ਕੈਂਚੀਆਂ ਤੋਂ ਸ਼ੁਰੂ ਹੋ ਕੇ ਕਾਲਾਂਵਾਲੀ ਤੱਕ ਕੱਢਿਆ ਗਿਆ। ਇਸ ਮੋਟਰਸਾਈਕਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਕਾਲਾਂਵਾਲੀ ਪਹੁੰਚਣ ਉਪਰੰਤ ਮੋਮਬੱਤੀ ਮਾਰਚ ਕੱਢ ਕੇ 1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਾਜ਼ਰ ਲੋਕਾਂ ਨੇ ਵਿਛੜੀਆਂ ਰੂਹਾਂ ਨੂੰ ਯਾਦ ਕਰਦਿਆਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਈ। ਭਾਜਪਾ ਘੱਟ ਗਿਣਤੀ ਮੋਰਚੇ ਦੇ ਸੂਬਾ ਪ੍ਰਧਾਨ ਡਾ. ਅਵਨੀਤ ਸਿੰਘ ਵੜੈਚ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਦਰਦਨਾਕ ਅਤੇ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਦੇ ਜ਼ਖ਼ਮ ਅੱਜ ਵੀ ਪੀੜਤ ਪਰਿਵਾਰਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹਰੇਕ ਸਿਆਸੀ ਪਾਰਟੀ ਅਤੇ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਡਾ. ਵੜੈਚ ਨੇ 1 ਨਵੰਬਰ ਨੂੰ ਕਾਂਗਰਸ ਵੱਲੋਂ ਸਿਆਸੀ ਪ੍ਰੋਗਰਾਮ ਕਰਵਾਏ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਿਨ ਦੀ ਸੰਵੇਦਨਸ਼ੀਲਤਾ ਅਤੇ ਪੀੜਤ ਪਰਿਵਾਰਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਤੋਂ ਮੰਗ ਕੀਤੀ ਕਿ ਉਹ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦਾ ਸਬੂਤ ਦੇਵੇ। ਇਸ ਮੌਕੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੇਸੂਜੋਧਾ, ਜ਼ਿਲ੍ਹਾ ਘੱਟ ਗਿਣਤੀ ਮੋਰਚਾ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਔਲਖ, ਸਰਬਜੀਤ ਸਿੰਘ, ਜੋਤੀ ਸਰਾਂ, ਸੁਭਾਸ਼ ਸਿੰਘ ਠਾਕੁਰ, ਬਲਰਾਜ ਸਰਪੰਚ ਤਿਰਲੋਕੇਵਾਲਾ, ਨਰਿੰਦਰ ਢਿੱਲੋਂ, ਕਰਮਜੀਤ ਸਿੰਘ ਗਿੱਲ, ਮੰਡਲ ਪ੍ਰਧਾਨ ਹਰਪਲਾਸ ਸਿੰਘ ਹੈਪੀ, ਕਾਲਾਂਵਾਲੀ ਮੰਡਲ ਪ੍ਰਧਾਨ ਲਵਲੀ ਗਰਗ, ਬੜਾਗੁੜ੍ਹਾ ਦੇ ਸਰਪੰਚ ਜਗਦੀਸ਼, ਦੇਸੂ ਦੇ ਸਰਪੰਚ ਕੁਲਵੰਤ ਸਿੰਘ, ਸਰਦਾਰ ਜਸਕਰਨ ਰੋੜੀ, ਸਿਕੰਦਰ, ਟਿਸ਼ੂ ਪ੍ਰਧਾਨ, ਰੁਲਦੂ ਨੰਬਰਦਾਰ, ਜਿੰਦਰ ਸਿੰਘ, ਗੁਰਨਾਮ ਸਿੰਘ, ਗੁਰਮੀਤ, ਗੁਰਮੇਲ ਅਤੇ ਚੌਤਰਾਮ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਆਮ ਲੋਕ ਮੌਜੂਦ ਸਨ।

