Bus full of passengers overturns! 8 people including driver-conductor die, mourning in Chamba
ਪਲਟ ਗਈ ਸਵਾਰੀਆਂ ਨਾਲ ਭਰੀ ਬੱਸ ! ਡਰਾਈਵਰ-ਕੰਡਕਟਰ ਸਣੇ 8 ਲੋਕਾਂ ਦੀ ਮੌਤ, ਚੰਬਾ ‘ਚ ਹਾਹਾਕਾਰ
ਚੰਬਾ (ਆਵਾਜ਼ਿ ਕੌਮ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਸ਼ਨੀਵਾਰ ਸਵੇਰੇ 7:15 ਵਜੇ ਦੇ ਕਰੀਬ ਇਕ ਨਿੱਜੀ ਬੱਸ ਦੇ ਪਲਟ ਕੇ ਹੇਠਾਂ ਸੜਕ ‘ਤੇ ਡਿੱਗਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਬੈਰਾਗੜ੍ਹ ਤੋਂ ਚੰਬਾ ਜਾ ਰਹੀ ਸੀ। ਬੱਸ ਬੈਰਾਗੜ੍ਹ-ਟੀਸਾ ਸੜਕ ‘ਤੇ ਚਾਲੁਜ ਮੋੜ ਦੇ ਨੇੜੇ ਪਲਟ ਗਈ। ਚੁਰਾਹ ਘਾਟੀ ਦਾ 27 ਕਿਲੋਮੀਟਰ ਲੰਬਾ ਪਹਾੜੀ ਮਾਰਗ ਬਹੁਤ ਹੀ ਤੰਗ ਹੈ ਅਤੇ ਕਈ ਥਾਵਾਂ ‘ਤੇ ਡੂੰਘੀਆਂ ਖੱਡਾਂ ਹਨ। ਇਹ ਮਾਰਗ ਉੱਚਾਈ ਵਾਲੇ ਸਾਚ ਦੱਰੇ ਵੱਲ ਜਾਣ ਵਾਲੇ ਮੁੱਖ ਰਸਤਿਆਂ ‘ਚੋਂ ਇਕ ਹੈ। ਰਾਜ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ ‘ਚ ਹੋਏ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ। ਇਕ ਫੇਸਬੁੱਕ ਪੋਸਟ ‘ਚ ਮੁੱਖ ਮੰਤਰੀ ਦਫ਼ਤਰ ਨੇ ਸੁੱਖੂ ਦੇ ਹਵਾਲੇ ਨਾਲ ਕਿਹਾ,”ਚੰਬਾ ਜ਼ਿਲ੍ਹੇ ‘ਚ ਟੀਸਾ-ਬੈਰਗੜ੍ਹ ਸੜਕ ‘ਤੇ ਚਾਲੁਜ ਮੋੜ ਦੇ ਨੇੜੇ ਬੱਸ ਹਾਦਸੇ ‘ਚ 7 ਲੋਕਾਂ ਦੀ ਮੌਤ ਅਤੇ 11 ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਬਹੁਤ ਦੁਖਦਾਈ ਹੈ।” ਮੁੱਖ ਮੰਤਰੀ ਨੇ ਕਿਹਾ,”ਇਸ ਦੁਖਦਾਈ ਹਾਦਸੇ ‘ਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰ ਨੂੰ ਇਸ ਭਾਰੀ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ।” ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਉਣ ਅਤੇ ਉਨ੍ਹਾਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ, “ਮੈਂ ਪਰਮਾਤਮਾ ਅੱਗੇ ਸਾਰੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ।” ਚੰਬਾ ਦੇ ਪੁਲਸ ਸੁਪਰਡੈਂਟ ਵਿਜੇ ਸਕਲਾਨੀ ਨੇ ਦੱਸਿਆ ਕਿ ਬੱਸ ‘ਚ ਸਵਾਰ ਲੋਕਾਂ ਦੀ ਸਹੀ ਗਿਣਤੀ ਅਜੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਿਹਾ ਕਿ ਮੌਕੇ ‘ਤੇ ਬਚਾਅ ਮੁਹਿੰਮ ਜਾਰੀ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ), ਪੁਲਸ, ਹੋਮ ਗਾਰਡ, ਫਾਇਰ ਸਰਵਿਸ ਅਤੇ ਮਾਲ ਵਿਭਾਗ ਦੇ ਕਰਮਚਾਰੀ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਜ਼ਖਮੀ 11 ਲੋਕਾਂ ‘ਚੋਂ 6 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਚੰਬਾ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪਿੰਡ ਦੇ ਮੁਖੀ ਮੰਡੀ ਰਾਣਾ ਨੇ ਵੀ ਕਿਹਾ ਕਿ ਬਚਾਅ ਕਾਰਜ ਜਾਰੀ ਹਨ। ਪੁਲਸ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁਝ ਯਾਤਰੀਆਂ ਦੇ ਬੱਸ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਪੁਲਸ ਨੇ ਦੱਸਿਆ ਕਿ ਮੌਜੂਦਾ ਮਾਨਸੂਨ ਸੀਜ਼ਨ ਦੌਰਾਨ 30 ਜੂਨ ਤੋਂ 7 ਅਗਸਤ ਤੱਕ ਹਿਮਾਚਲ ਪ੍ਰਦੇਸ਼ ‘ਚ ਸੜਕ ਹਾਦਸਿਆਂ ‘ਚ 78 ਲੋਕਾਂ ਦੀ ਮੌਤ ਹੋ ਗਈ ਹੈ।

