India will become ‘old’ before becoming rich, by 2050 20 percent of the population will be over 60 years of age
ਅਮੀਰ ਬਣਨ ਤੋਂ ਪਹਿਲਾਂ ‘ਬੁੱਢਾ’ ਹੋ ਜਾਵੇਗਾ ਭਾਰਤ, 2050 ਤੱਕ 20 ਫ਼ੀਸਦੀ ਆਬਾਦੀ ਦੀ ਉਮਰ ਹੋਵੇਗੀ 60 ਸਾਲ ਤੋਂ ਵੱਧ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਅਮੀਰ ਬਣਨ ਤੋਂ ਪਹਿਲਾਂ ਹੀ ਭਾਰਤ ‘ਬੁੱਢਾ’ ਹੋ ਜਾਵੇਗਾ। ਦੇਸ਼ ’ਚ ਸਾਲ 2050 ਤੱਕ ਔਸਤਨ ਹਰ 5 ’ਚੋਂ 1 ਵਿਅਕਤੀ ਦੀ ਉਮਰ 60 ਸਾਲ ਜਾਂ ਉਸ ਤੋਂ ਵੱਧ ਹੋਵੇਗੀ। ਇਕ ਅਧਿਐਨ ’ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ। ‘ਟ੍ਰਾਂਸਫਾਰਮ ਰੂਰਲ ਇੰਡੀਆ’ (ਟੀ. ਆਰ. ਆਈ.) ਦੇ ਅਧਿਐਨ ਮੁਤਾਬਕ, ਭਾਰਤ ਵਿਕਸਤ ਦੇਸ਼ਾਂ ਦੇ ਉਲਟ ਖੁਸ਼ਹਾਲ ਬਣਨ ਤੋਂ ਪਹਿਲਾਂ ਹੀ ਵਧਦੀ ਉਮਰ ਵਾਲੀ ਆਬਾਦੀ ਵਾਲੇ ਦੇਸ਼ ਦੀ ਸ਼੍ਰੇਣੀ ’ਚ ਪਹੁੰਚ ਰਿਹਾ ਹੈ। ਅਧਿਐਨ ਅਨੁਸਾਰ, ਕਈ ਵਿਕਸਤ ਦੇਸ਼ਾਂ ਨੇ ਖੁਸ਼ਹਾਲੀ ਹਾਸਲ ਕਰਨ ਤੋਂ ਬਾਅਦ ਵਧਦੀ ਉਮਰ ਵਾਲੀ ਆਬਾਦੀ ਦੀ ਚੁਣੌਤੀ ਦਾ ਸਾਹਮਣਾ ਕੀਤਾ, ਜਦਕਿ ਭਾਰਤ ’ਚ ਇਹ ਸਥਿਤੀ ਉਸ ਤੋਂ ਪਹਿਲਾਂ ਹੀ ਬਣ ਰਹੀ ਹੈ। ਅਧਿਐਨ ’ਚ ਦੱਸਿਆ ਗਿਆ ਕਿ ਹਰੇਕ ਬਜ਼ੁਰਗ ਨੂੰ ਸਹਾਰਾ ਦੇਣ ਵਾਲੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਦੀ ਗਿਣਤੀ 2001 ’ਚ 8.4 ਸੀ, ਜੋ 2026 ਤੱਕ ਘਟ ਕੇ ਔਸਤਨ 5.2 ਰਹਿਣ ਦਾ ਅੰਦਾਜ਼ਾ ਹੈ। ‘ਗ੍ਰਾਮੀਣ ਭਾਰਤ ’ਚ ਆਬਾਦੀ ਬਦਲਾਅ, ਬਦਲਦੇ ਪਰਿਵਾਰਕ ਢਾਂਚੇ ਅਤੇ ਦੇਖਭਾਲ ਵਿਵਸਥਾ ਦਾ ਭਵਿੱਖ’ ਸਿਰਲੇਖ ਵਾਲਾ ਇਹ ਵ੍ਹਾਈਟ ਪੇਪਰ ‘ਟ੍ਰਾਂਸਫਾਰਮ ਰੂਰਲ ਇੰਡੀਆ’ ਦੀ ‘ਇੰਡੀਆ ਰੂਰਲ ਕਾਲਕਵੀ’ (ਆਈ. ਆਰ. ਸੀ.) ਦੇ ਮੌਕੇ ਜਾਰੀ ਕੀਤਾ ਗਿਆ। ਅਧਿਐਨ ਮੁਤਾਬਕ, ਸਾਲ 2050 ਤੱਕ ਭਾਰਤ ’ਚ ਲਗਭਗ 34.7 ਕਰੋੜ ਲੋਕ ਭਾਵ ਹਰ 5 ’ਚੋਂ 1 ਵਿਅਕਤੀ 60 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਹੋਵੇਗਾ। ਅਧਿਐਨ ’ਚ ਦੱਸਿਆ ਗਿਆ ਕਿ 10 ’ਚੋਂ ਲੱਗਭਗ 7 ਬਜ਼ੁਰਗ ਦਿਹਾਤੀ ਖੇਤਰਾਂ ’ਚ ਰਹਿਣਗੇ। ਅਧਿਐਨ ਅਨੁਸਾਰ, ਕਈ ਵਿਕਸਤ ਦੇਸ਼ਾਂ ਨੇ ਖੁਸ਼ਹਾਲ ਬਣਨ ਤੋਂ ਬਾਅਦ ਵਧਦੀ ਉਮਰ ਵਾਲੀ ਆਬਾਦੀ ਦੀ ਚੁਣੌਤੀ ਦਾ ਸਾਹਮਣਾ ਕੀਤਾ, ਜਦਕਿ ਭਾਰਤ ’ਚ ਇਹ ਆਬਾਦੀ ਬਦਲਾਅ ਮੁਕਾਬਲਤਨ ਘੱਟ ਆਮਦਨ ਪੱਧਰ ’ਤੇ ਹੀ ਹੋ ਰਿਹਾ ਹੈ। ਅਧਿਐਨ ’ਚ ਦੱਸਿਆ ਗਿਆ ਹੈ ਕਿ ਇਸ ਦਾ ਕਾਰਨ ਪਰਿਵਾਰਾਂ ਦਾ ਪਹਿਲਾਂ ਦੇ ਮੁਕਾਬਲੇ ਛੋਟਾ ਹੋਣਾ, ਨੌਜਵਾਨਾਂ ਦਾ ਰੋਜ਼ਗਾਰ ਲਈ ਘਰ ਤੋਂ ਦੂਰ ਜਾਣਾ ਅਤੇ ਲੋਕਾਂ ਦੀ ਔਸਤ ਉਮਰ ’ਚ ਵਾਧਾ ਹੋਣਾ ਹੈ।

