‘Go back home!’ Indian students in the UK receive a ‘final warning’
‘ਆਪਣੇ ਘਰ ਵਾਪਸ ਜਾਓ’ ! UK ‘ਚ ਭਾਰਤੀ ਵਿਦਿਆਰਥੀਆਂ ਨੂੰ ਮਿਲੀ ‘ਆਖਰੀ ਚੇਤਾਵਨੀ’
London, (ਆਵਾਜ਼ਿ ਕੌਮ ਬਿਊਰੋ)-ਯੂਨਾਈਟਿਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਨਸਲੀ ਧੱਕੇਸ਼ਾਹੀ ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਆਪ ਨੂੰ ‘ਚੈਲਮਸਲੇ ਵੁੱਡ ਪੈਟ੍ਰੀਅਟਸ’ ਅਖਵਾਉਣ ਵਾਲੇ ਇੱਕ ਚੌਕਸੀ ਗਰੁੱਪ ਦੇ ਮੈਂਬਰਾਂ ਨੇ ਮੈਰੀਡਨ ਪਾਰਕ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਘੇਰ ਕੇ ਉਨ੍ਹਾਂ ਨੂੰ “ਆਪਣੇ ਘਰ ਵਾਪਸ ਜਾਓ” ਦੀ ਧਮਕੀ ਦਿੱਤੀ ਅਤੇ ਪਾਰਕ ਵਿੱਚ ਦੁਬਾਰਾ ਨਾ ਆਉਣ ਦੀ ‘ਆਖਰੀ ਚੇਤਾਵਨੀ’ ਦਿੱਤੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਗਰੁੱਪ ਦੇ ਮੈਂਬਰ ਭਾਰਤੀ ਵਿਦਿਆਰਥੀਆਂ ਨੂੰ ਇੰਗਲੈਂਡ ਆਉਣ ਦਾ ਕਾਰਨ ਪੁੱਛਦੇ ਨਜ਼ਰ ਆ ਰਹੇ ਹਨ। ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਦੇ ਬਾਵਜੂਦ ਗਰੁੱਪ ਦੇ ਇੱਕ ਮੈਂਬਰ ਨੇ ਉਨ੍ਹਾਂ ਨੂੰ ਧਮਕਾਉਂਦਿਆਂ ਕਿਹਾ, “ਤੁਹਾਨੂੰ ਬੱਚਿਆਂ ਦੇ ਪਾਰਕ ਤੋਂ ਦੂਰ ਰਹਿਣ ਦੀ ਲੋੜ ਹੈ। ਇੱਥੇ ਦੁਬਾਰਾ ਨਾ ਆਉਣਾ। ਇਹ ਤੁਹਾਡੀ ਆਖਰੀ ਚੇਤਾਵਨੀ ਹੈ”। ਗਰੁੱਪ ਨੇ ਫੇਸਬੁੱਕ ‘ਤੇ ਦਾਅਵਾ ਕੀਤਾ ਕਿ ਉਹ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਰਾਤ ਨੂੰ ਗਸ਼ਤ ਕਰ ਰਹੇ ਸਨ। ਇਸ ਘਟਨਾ ਦੀ ਸਥਾਨਕ ਰਾਜਨੀਤਿਕ ਨੁਮਾਇੰਦਿਆਂ ਅਤੇ ਨਸਲਵਾਦ ਵਿਰੋਧੀ ਕਾਰਕੁਨਾਂ ਵੱਲੋਂ ਭਾਰੀ ਨਿਖੇਧੀ ਕੀਤੀ ਗਈ ਹੈ। ਸਾਬਕਾ ਕੌਂਸਲਰ ਅਤੇ ਸਮਾਜਿਕ ਕਾਰਕੁਨ ਸ਼ੇਸ਼ ਸ਼ੇਸ਼ਭੱਤਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀ ਚਮੜੀ ਦੇ ਰੰਗ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। ਵੈਸਟ ਮਿਡਲੈਂਡਜ਼ ਪੁਲਸ ਅਤੇ ਸੋਲੀਹੁਲ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਰੋਕਣ ਜਾਂ ਤਲਾਸ਼ੀ ਲੈਣ ਦਾ ਅਧਿਕਾਰ ਸਿਰਫ਼ ਪੁਲਸ ਅਧਿਕਾਰੀਆਂ ਕੋਲ ਹੀ ਹੈ। ਪੁਲਸ ਇੰਸਪੈਕਟਰ ਜੈਨੀ ਵਿਲੇਟਸ ਨੇ ਕਿਹਾ ਕਿ ਪੁਲਸ ਅਜਿਹੇ ਗਰੁੱਪਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ ਅਤੇ ਸ਼ਿਕਾਇਤ ਮਿਲਣ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

