Shooting at an American school: 5 dead, including 4 children and a teacher; attacker also killed
ਅਮਰੀਕੀ ਸਕੂਲ ‘ਚ ਚੱਲੀਆਂ ਗੋਲੀਆਂ: 4 ਬੱਚਿਆਂ ਅਤੇ ਅਧਿਆਪਕ ਸਣੇ 5 ਦੀ ਮੌਤ, ਹਮਲਾਵਰ ਵੀ ਢੇਰ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਓਰੇਗਨ ਰਾਜ ਦੇ ਬੈਂਡ ਸ਼ਹਿਰ ਵਿੱਚ ਸਥਿਤ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਵੀਰਵਾਰ ਦੁਪਹਿਰ ਨੂੰ ਵਾਪਰੀ ਗੋਲੀਬਾਰੀ ਦੀ ਇੱਕ ਦਰਦਨਾਕ ਘਟਨਾ ਵਿੱਚ 4 ਬੱਚਿਆਂ ਅਤੇ 1 ਅਧਿਆਪਕ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਹੋਰ ਬੱਚਾ ਅਤੇ ਇੱਕ ਅਧਿਆਪਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ 16 ਸਾਲ ਦੇ ਸ਼ੱਕੀ ਹਮਲਾਵਰ ਨੂੰ ਇਕ ਸਥਾਨਕ ਵਿਅਕਤੀ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੈਂਡ ਪੁਲਸ ਵਿਭਾਗ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਲਗਭਗ 1 ਵਜੇ ਵਾਪਰੀ। ਪੁਲਸ ਨੂੰ ਸਭ ਤੋਂ ਪਹਿਲਾਂ ਐਮਰਜੈਂਸੀ ਕਾਲ ਰਾਹੀਂ ਸੂਚਨਾ ਮਿਲੀ ਸੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਸਕੂਲ ਦੇ ਨੇੜੇ ਇੱਕ ਕਾਰ ‘ਤੇ ਗੋਲੀਆਂ ਚਲਾਈਆਂ ਹਨ, ਜਿਸ ਤੋਂ ਤੁਰੰਤ ਬਾਅਦ ਸਕੂਲ ਦੇ ਅੰਦਰ ਗੋਲੀਬਾਰੀ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ਪੁਲਸ ਚੀਫ਼ ਮਾਈਕ ਕਰਾਂਟਜ਼ ਨੇ ਦੱਸਿਆ ਕਿ ਇੱਕ ਸਥਾਨਕ ਨਾਗਰਿਕ ਨੇ ਹਿੰਮਤ ਦਿਖਾਉਂਦੇ ਹੋਏ ਸਕੂਲ ਦੇ ਅੰਦਰ ਸ਼ੱਕੀ ਹਮਲਾਵਰ ਦਾ ਪਿੱਛਾ ਕੀਤਾ ਅਤੇ ਉਸ ਨਾਲ ਭਿੜ ਗਿਆ। ਇਸੇ ਦੌਰਾਨ 16 ਸਾਲਾ ਹਮਲਾਵਰ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਮਾਰੇ ਗਏ ਤਿੰਨ ਬੱਚਿਆਂ ਦੀ ਉਮਰ 5, 8 ਅਤੇ 11 ਸਾਲ ਸੀ, ਜਦੋਂ ਕਿ ਚੌਥੇ ਬੱਚੇ ਦੀ ਉਮਰ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਵਿੱਚ ਇੱਕ ਅਧਿਆਪਕ ਦੀ ਵੀ ਜਾਨ ਚਲੀ ਗਈ। ਜ਼ਖ਼ਮੀਆਂ ਵਿੱਚ ਇੱਕ 7 ਸਾਲ ਦਾ ਬੱਚਾ ਅਤੇ ਇੱਕ ਹੋਰ ਅਧਿਆਪਕ ਸ਼ਾਮਲ ਹਨ। ਦੱਸਣਯੋਗ ਹੈ ਕਿ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਕਿੰਡਰਗਾਰਟਨ ਤੋਂ 5ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ, ਜਿੱਥੇ ਲਗਭਗ 450 ਵਿਦਿਆਰਥੀ ਅਤੇ 40 ਸਟਾਫ਼ ਮੈਂਬਰ ਹਨ। ਗੋਲੀਬਾਰੀ ਤੋਂ ਤੁਰੰਤ ਬਾਅਦ ਸਕੂਲ ‘ਚ ਲੌਕਡਾਊਨ ਕਰ ਦਿੱਤਾ ਗਿਆ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ਨੇੜਲੇ ਚਰਚ ਵਿੱਚ ਇੱਕ ਕੇਂਦਰ ਬਣਾਇਆ ਗਿਆ। ਬੈਂਡ-ਲਾ ਪਾਈਨ ਸਕੂਲ ਜ਼ਿਲ੍ਹੇ ਦੇ ਸਾਰੇ ਸਕੂਲ ਸ਼ੁੱਕਰਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਸੰਘੀ ਜਾਂਚ ਏਜੰਸੀ FBI ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਸਥਾਨਕ ਪੁਲਸ ਨੂੰ ਜਾਂਚ ਵਿੱਚ ਪੂਰੀ ਮਦਦ ਦਿੱਤੀ ਜਾ ਰਹੀ ਹੈ। ਓਰੇਗਨ ਦੀ ਗਵਰਨਰ ਟੀਨਾ ਕੋਟੇਕ, ਸੀਨੇਟਰ ਰੌਨ ਵਾਈਡਨ ਅਤੇ ਸਕੂਲ ਸੁਪਰਡੈਂਟ ਸਟੀਵਨ ਕੁੱਕ ਨੇ ਇਸ ਦੁਖਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲਸ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

