Punjab’s daughter Mehakpreet Kaur excelled in the subject of Medicine Biotechnology, securing 99% marks
ਮੈਡੀਸਿਨ ਬਾਇਓਟੈਕਨਾਲੌਜੀ ਵਿਸ਼ੇ ‘ਚ ਪੰਜਾਬ ਦੀ ਧੀ ਮਹਿਕਪ੍ਰੀਤ ਕੌਰ ਨੇ ਮਾਰੀਆਂ ਮੱਲਾਂ, ਪ੍ਰਾਪਤ ਕੀਤੇ 99% ਅੰਕ
ਇਟਲੀ (ਆਵਾਜ਼ਿ ਕੌਮ ਬਿਊਰੋ)-ਇਟਲੀ ਵਿੱਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਹੈ। ਮਹਿਕਪ੍ਰੀਤ ਕੌਰ ਨੇ ਵੈਰੋਨਾ ਯੂਨੀਵਰਸਿਟੀ ਤੋਂ ਮੈਡੀਸਨ ਬਾਇਓਟੈਕਨਾਲੌਜੀ ਵਿਸ਼ੇ ਅੰਦਰ 100 ਵਿੱਚੋਂ 99 ਫੀਸਦੀ ਅੰਕ ਹਾਸਿਲ ਕਰਕੇ ਪਹਿਲੇ ਸਥਾਨ ‘ਤੇ ਰਹਿਣ ਦਾ ਮਾਣ ਹਾਸਿਲ ਕੀਤਾ ਹੈ। ਇਟਲੀ ਵਿੱਚ ਖੇਤੀਬਾੜੀ ਖੇਤਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਜਗਪਿੰਦਰ ਕੌਰ ਦੀ ਇਸ ਹੋਣਹਾਰ ਧੀ ਨੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਅਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਪੜ੍ਹਾਈ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਦਿਨ-ਰਾਤ ਮਿਹਨਤ ਕਰਕੇ ਤਿੰਨ ਸਾਲਾਂ ਦੀ ਡਿਗਰੀ ਦੇ ਆਖਰੀ ਸਾਲ ਵਿੱਚ 99 ਫੀਸਦੀ ਅੰਕ ਲਏ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਦੱਸਣਯੋਗ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਇਕ ਲੰਬੇ ਅਰਸੇ ਤੋਂ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿ ਰਿਹਾ ਹੈ ਅਤੇ ਪਿਛਕੋੜ ਤੋਂ ਉਹ ਲੁਧਿਆਣਾ ਜ਼ਿਲ੍ਹੇ ਦੇ ਡਹਿਲੋਂ ਕਸਬਾ ਨੇੜਲੇ ਪਿੰਡ ਲਹਿਰਾ ਨਾਲ਼ ਸਬੰਧਿਤ ਹਨ। ਮਹਿਕਪ੍ਰੀਤ ਦੀ ਇਸ ਵਿਲੱਖਣ ਪ੍ਰਾਪਤੀ ਤੇ ਇਟਲੀ ਦੀਆਂ ਅਨੇਕਾਂ ਸ਼ਖਸੀਅਤਾਂ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਤੇ ਸਮਰਥਕਾਂ ਦੁਆਰਾ ਲਹਿਰਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

