Guru Tegh Bahadur’s Unique Sacrifice Saved Hinduism: Singh Sahib Giani Jasvir Singh Rode
‘ਜੇ ਅੱਜ ਹਿੰਦੂ ਧਰਮ ਸੁਰੱਖਿਅਤ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਕਰਕੇ ਹੀ’ – ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ

3 ਦਸੰਬਰ 2025, ਰਾਮਪੁਰਾ ਫੂਲ (ਬਠਿੰਡਾ) – ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਤਿੰਨ ਸਹਿਬਜ਼ਾਦਿਆਂ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ) ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਚਲਾਈ ਜਾ ਰਹੀ 40 ਨਗਰ ਕੀਰਤਨਾਂ ਦੀ ਲੜੀ ਵਿੱਚ ਅੱਜ 28ਵਾਂ ਨਗਰ ਕੀਰਤਨ ਸਜਾਇਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਦੀ ਅਗਵਾਈ ਵਿੱਚ ਗੁਰਦੁਆਰਾ ਨਿਰਮਲ ਡੇਰਾ ਖੂਹਾਂ ਵਾਲਾ (ਭਾਈ ਰੂਪਾ) ਤੋਂ ਅਰਦਾਸ ਉਪਰੰਤ ਸ਼ੁਰੂ ਹੋਇਆ ਨਗਰ ਕੀਰਤਨ ਪਿੰਡ ਗੁੰਮਟੀ, ਸੇਲਬਰਾਹ, ਸਿਧਾਣਾ, ਮਹਿਰਾਜ ਤੇ ਫੂਲ ਆਦਿ ਤੋਂ ਹੁੰਦਾ ਹੋਇਆ ਰਾਮਪੁਰਾ ਫੂਲ ਵਿੱਚ ਸਮਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲੇ ਇਸ ਵਿਸ਼ਾਲ ਨਗਰ ਕੀਰਤਨ ਦਾ ਥਾਂ-ਥਾਂ ਸਵਾਗਤੀ ਗੇਟਾਂ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।
ਪਿੰਡ ਸਿਧਾਣਾ ਵਿੱਚ ਸੰਗਤਾਂ ਨੇ ਪੰਜ ਪਿਆਰਿਆਂ ਤੇ ਗਿਆਨੀ ਜਸਵੀਰ ਸਿੰਘ ਰੋਡੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਵਿਸ਼ਾਲ ਲੰਗਰ ਵਰਤਾਇਆ।
ਸੰਬੋਧਨ ਕਰਦਿਆਂ ਗਿਆਨੀ ਜਸਵੀਰ ਸਿੰਘ ਰੋਡੇ ਨੇ ਕਿਹਾ: “ਜੇ ਅੱਜ ਹਿੰਦੂ ਧਰਮ ਸੁਰੱਖਿਅਤ ਹੈ ਤਾਂ ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਕਰਕੇ ਹੀ ਹੈ। ਗੁਰੂ ਸਾਹਿਬ ਜੀ ਨੇ ਧਰਮ ਦੀ ਰਾਖੀ ਲਈ, ਮਨੁੱਖਤਾ ਦੀ ਰਾਖੀ ਲਈ ਆਪਣਾ ਸੀਸ ਵਾਰ ਦਿੱਤਾ। ਉਨ੍ਹਾਂ ਦਾ ਜੀਵਨ ਸੱਚ, ਨਿਆਂ ਤੇ ਧਰਮ ਦੀ ਰੱਖਿਆ ਦਾ ਸਦੀਵੀ ਪ੍ਰਤੀਕ ਹੈ।”
ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪੂਰਾ ਮਹੀਨਾ ਪਾਠ ਕਰੀਏ ਤਾਂ ਜੋ ਗੁਰੂ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਸਦਾ ਯਾਦ ਰੱਖਿਆ ਜਾ ਸਕੇ।
ਇਸ ਮੌਕੇ ਬਾਬਾ ਪਰਮਿੰਦਰ ਸਿੰਘ ਕੁਲਾਰ, ਭਾਈ ਧਰਮ ਸਿੰਘ ਖਾਲਸਾ, ਭਾਈ ਅੰਗਰੇਜ ਸਿੰਘ ਕੋਠਾ ਗੁਰੂ, ਭਾਈ ਹਰਚੰਦ ਸਿੰਘ ਚਕਰ, ਭਾਈ ਜਗਤਾਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਜਨਮ ਅਸਥਾਨ ਰੋਡੇ ਤੇ ਵੱਡੀ ਗਿਣਤੀ ਸੰਗਤ ਮੌਜੂਦ ਸੀ।
