‘Iran’s nuclear program is completely over!’ Trump claims on the occasion of America’s 250th Independence Day
‘ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ !’ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਟਰੰਪ ਨੇ ਕੀਤਾ ਦਾਅਵਾ
Washington (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ’ਤੇ ਅਮਰੀਕੀ ਫੌਜ ਦੀ ਸ਼ਲਾਘਾ ਕਰਦੇ ਹੋਏ ਇਰਾਨ ਵਿਰੁੱਧ ਜੰਗ ਨੂੰ ਆਪਣੇ ਕਾਰਜਕਾਲ ਦੀ ਇਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਖਰਾਬ ਮੌਸਮ ਦੇ ਬਾਵਜੂਦ ਟਰੰਪ ਨੇ ਐਤਵਾਰ ਦੇਸ਼ ਦੀ ਰਾਜਧਾਨੀ ਦੇ ਦਿਲ ’ਚ ਸਥਿਤ ਵਾਸ਼ਿੰਗਟਨ ਡੀ.ਸੀ. ਦੇ ਨੈਸ਼ਨਲ ਮਾਲ ਵਿਖੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈਨੇਜ਼ੁਏਲਾ ਨੂੰ ਵੇਖੋ, ਇਰਾਨ ਨੂੰ ਵੇਖੋ। ਅਸੀਂ ਦੋਵਾਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਫੌਜਾਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਇਰਾਨੀ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਦਾ ਬਚਾਅ ਕੀਤਾ ਤੇ ਕਿਹਾ ਕਿ ਅਸੀਂ ਇਕ ਬਹੁਤ ਸਫਲ ਕਾਰਵਾਈ ਕੀਤੀ। ਹੁਣ ਖਤਰਾ ਖਤਮ ਹੋ ਗਿਆ ਹੈ। ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਹੁਣ ਇਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋਣਗੇ। ਜਿੰਨਾ ਚਿਰ ਮੈਂ ਰਾਸ਼ਟਰਪਤੀ ਹਾਂ, ਇਹ ਨਹੀਂ ਹੋਣਗੇ। ਜੇ ਉਹ ਇਸ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਾਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਅਸੀਂ ਤੇਜ਼ੀ ਨਾਲ ਕਾਰਵਾਈ ਕਰਾਂਗੇ। ਉਨ੍ਹਾਂ ਇਤਿਹਾਸਕ ਪ੍ਰਤੀਕਾਂ ਨੂੰ ਅੱਜ ਦੀ ਸਿਆਸਤ ਨਾਲ ਜੋੜਿਆ ਤੇ 250ਵੀਂ ਵਰ੍ਹੇਗੰਢ ਦੇ ਇਸ ਅਹਿਮ ਮੀਲ ਪੱਥਰ ਨੂੰ ਅਮਰੀਕਾ ਦੇ ਲਚਕੀਲੇਪਣ, ਖੁਸ਼ਹਾਲੀ ਤੇ ਵਿਸ਼ਵ ਪੱਧਰੀ ਲੀਡਰਸ਼ਿਪ ਦੇ ਇਕ ਨਵੇਂ ਯੁੱਗ ਦੇ ਸਬੂਤ ਵਜੋਂ ਪੇਸ਼ ਕੀਤਾ।

