Major blow for migrants awaiting permanent status in Britain; 10-year ‘long residence’ route to be closed
ਬ੍ਰਿਟੇਨ ’ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਵੱਡਾ ਝਟਕਾ, 10 ਸਾਲਾ ‘ਲੌਂਗ ਰੈਜ਼ੀਡੈਂਸ’ ਰੂਟ ਹੋਵੇਗਾ ਬੰਦ
ਲੰਡਨ (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ਵਿੱਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਪ੍ਰਵਾਸੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਬ੍ਰਿਟਿਸ਼ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕਰਦਿਆਂ 10 ਸਾਲਾਂ ਦੀ ਲਗਾਤਾਰ ਕਾਨੂੰਨੀ ਰਿਹਾਇਸ਼ ਦੇ ਆਧਾਰ ’ਤੇ ਪੱਕੇ ਹੋਣ ਵਾਲੇ ‘ਲੌਂਗ ਰੈਜ਼ੀਡੈਂਸ’ ਰੂਟ ਨੂੰ ਬੰਦ ਕਰਨ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ। ਬੀਤੀ ਦਿਨੀ ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਬੈਰੋਨੈੱਸ ਲਿਸਟਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਲਾਰਡ ਕੌਲਿਨਜ਼ ਨੇ ਸਪੱਸ਼ਟ ਕੀਤਾ ਕਿ ਮੌਜੂਦਾ 10 ਸਾਲਾ ਲੌਂਗ ਰੈਜ਼ੀਡੈਂਸ ਰੂਟ ਦੀ ਥਾਂ ‘ਅਰਨਡ ਸੈਟਲਮੈਂਟ’ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਮੌਜੂਦਾ ਇਮੀਗ੍ਰੇਸ਼ਨ ਨਿਯਮਾਂ ਤਹਿਤ ਵੱਖ-ਵੱਖ ਯੋਗ ਵੀਜ਼ਿਆਂ ’ਤੇ ਬ੍ਰਿਟੇਨ ਵਿੱਚ 10 ਸਾਲ ਲਗਾਤਾਰ ਕਾਨੂੰਨੀ ਤੌਰ ’ਤੇ ਰਹਿਣ ਵਾਲੇ ਪ੍ਰਵਾਸੀ ਪੱਕੀ ਰਿਹਾਇਸ਼ (ILR) ਲਈ ਅਰਜ਼ੀ ਦੇ ਸਕਦੇ ਹਨ। ਨਵੀਂ ਨੀਤੀ ਤਹਿਤ ਸਟੂਡੈਂਟ ਵੀਜ਼ਾ, ਗ੍ਰੈਜੂਏਟ ਵੀਜ਼ਾ ਅਤੇ ਹੋਰ ਅਸਥਾਈ ਵੀਜ਼ਿਆਂ ’ਤੇ ਬਿਤਾਇਆ ਸਮਾਂ ਪੱਕੀ ਰਿਹਾਇਸ਼ ਲਈ ਨਹੀਂ ਗਿਣਿਆ ਜਾਵੇਗਾ। ਬ੍ਰਿਟਿਸ਼ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵੱਲੋਂ 2 ਨਵੰਬਰ ਨੂੰ ਐਲਾਨੀ ਗਈ ਨਵੀਂ ਨੀਤੀ ਤਹਿਤ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਦੇਣ ਲਈ ਉਨ੍ਹਾਂ ਦੀ ਆਮਦਨ, ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ, ਅੰਗਰੇਜ਼ੀ ਭਾਸ਼ਾ ਦੀ ਯੋਗਤਾ ਅਤੇ ਕਾਨੂੰਨੀ ਰਿਕਾਰਡ ਨੂੰ ਅਹਿਮੀਅਤ ਦਿੱਤੀ ਜਾਵੇਗੀ। ਸਰਕਾਰ ਦੇ ਇਸ ਫ਼ੈਸਲੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਪ੍ਰਵਾਸੀਆਂ ’ਤੇ ਪੈ ਸਕਦਾ ਹੈ, ਜਿਹੜੇ ਪਹਿਲਾਂ ਹੀ ਬ੍ਰਿਟੇਨ ਵਿੱਚ 8 ਜਾਂ 9 ਸਾਲ ਕਾਨੂੰਨੀ ਤੌਰ ’ਤੇ ਬਿਤਾ ਚੁੱਕੇ ਹਨ ਅਤੇ 10 ਸਾਲ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ। ਅਜਿਹੇ ਪ੍ਰਵਾਸੀਆਂ ਲਈ ਕਿਸੇ ਵਿਸ਼ੇਸ਼ ਛੋਟ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ। ਬ੍ਰਿਟਿਸ਼ ਸੰਸਦ ਦੀ ਖੋਜ ਰਿਪੋਰਟ ਮੁਤਾਬਕ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੂੰ ਦਸੰਬਰ 2026 ਤੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਸਾਲ 2027 ਦੌਰਾਨ ਪੜਾਅਵਾਰ ਲਾਗੂ ਕੀਤਾ ਜਾਵੇਗਾ।

