Puntinia town, known as ‘Mini Punjab’, attains city status; a wave of joy among the residents
ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਪੁਨਤੀਨੀਆ ਕਸਬੇ ਨੂੰ ਮਿਲਿਆ ਸ਼ਹਿਰ ਦਾ ਦਰਜਾ, ਨਾਗਰਿਕਾਂ ‘ਚ ਖੁਸ਼ੀ ਦੀ ਲਹਿਰ
ਪੁਨਤੀਨੀਆ (ਆਵਾਜ਼ਿ ਕੌਮ ਬਿਊਰੋ)-ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 19 ਦਸੰਬਰ 1934 ਨੂੰ ਹੋਂਦ ਵਿੱਚ ਆਇਆ ਕਸਬਾ ਪੁਨਤੀਨੀਆ (ਲਾਤੀਨਾ) ਦੇ ਰਹਿਣ ਵਸੇਬਾ ਕਰਨ ਵਾਲੇ ਨਾਗਰਿਕਾਂ ਦੀ ਖੁਸ਼ੀ ਦਾ ਉਸ ਵੇਲੇ ਟਿਕਾਣਾ ਨਾ ਰਿਹਾ ਜਦੋ ਇਟਲੀ ਦੇ ਮਾਣਯੋਗ ਰਾਸ਼ਟਰਪਤੀ ਸੈਰਜੀਓ ਮੱਤਾਨੈਲਾ ਵਲੋਂ ਬੀਤੇ ਦਿਨ ਇੱਕ ਆਰਡੀਨੈਂਸ ਉੱਤੇ ਦਸਤਖਤ ਕਰਨ ਨਾਲ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਇਲਾਕੇ ਦੇ ਪੁਨਤੀਨੀਆ ਕਸਬੇ ਨੂੰ ਸ਼ਹਿਰ ਦਾ ਦਰਜਾ ਦੇ ਦਿੱਤਾ। ਇਟਲੀ ਦਾ ਇਹ ਕਸਬਾ ਕਦੇ ਦਲਦਲ ਨਾਲ ਭਰਿਆ ਹੋਇਆ ਸੀ। ਸੰਨ 1935 ਵਿੱਚ ਉਸ ਸਮੇਂ ਦੇ ਤਾਨਾਸ਼ਾਹ ਮੁਸੋਲੀਨੀ ਨੇ ਇਲਾਕੇ ਨੂੰ ਆਬਾਦ ਕਰਨ ਲਈ ਪਹਿਲਾਂ ਸੇਮ ਨਾਲੇ ਬਣਵਾਏ ਤੇ ਫਿਰ ਇਟਲੀ ਦੇ ਹੋਰ ਇਲਾਕਿਆਂ ਵਿੱਚੋਂ ਬੇਘਰੇ ਲੋਕਾਂ ਨੂੰ ਇਥੇ ਘਰ ਬਣਾਕੇ ਦਿੱਤੇ ਅਤੇ ਖੇਤੀਬਾੜੀ ਕਰਨ ਲਈ ਜ਼ਮੀਨਾਂ ਦਿੱਤੀਆਂ ਪਰ ਵਕਤ ਬਦਲ ਗਿਆ। ਲਗਭਗ 91 ਸਾਲ ਬਾਅਦ ਇਹ ਇਲਾਕਾ ਸਿਰਫ ਇਟਲੀ ਹੀ ਨਹੀ ਸਗੋਂ ਸਾਰੇ ਯੂਰਪੀ ਦੇਸ਼ਾਂ ਨੂੰ ਸਬਜ਼ੀਆਂ ਤੇ ਹੋਰ ਖੇਤੀ ਉਤਪਾਦਾਂ ਨੂੰ ਭੇਜਣ ਲਈ ਮਸ਼ਹੂਰ ਹੈ। ਇਸ ਸਮੇਂ ਇਸ ਕਸਬੇ ਦੀ ਆਬਾਦੀ 15 ਹਜ਼ਾਰ ਦੇ ਕਰੀਬ ਹੈ, ਜਿਹਨਾਂ ਵਿੱਚ ਕਰੀਬ 2000 ਭਾਰਤੀਆਂ ਦੀ ਗਿਣਤੀ ਹੈ ਤੇ ਇਥੇ ਖੇਤੀਬਾੜੀ ਨਾਲ ਸਬੰਧਤ 1217 ਫਾਰਮ ਹਨ। ਇਸ ਇਲਾਕੇ ਨੂੰ ਖਾਸ ਕਰਕੇ ਭਾਰਤੀ ਭਾਈਚਾਰੇ ਦੀ ਵੱਡੀ ਦੇਣ ਹੈ ਕਿਉਂਕਿ ਇਲਾਕੇ ਵਿੱਚ ਬਹੁਤ ਜ਼ਿਆਦਾ ਭਾਰਤੀ ਭਾਈਚਾਰੇ ਦੇ ਲੋਕ ਕੰਮ ਕਰਦੇ ਹਨ ਤੇ ਪਰਿਵਾਰਾਂ ਸਮੇਤ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਪਹਿਲਾ ਲਾਤੀਨਾ ਜਿਲ੍ਹੇ ਦੇ ਹੁਣ ਤੱਕ ਤਿੰਨ ਕਸਬਿਆਂ ਨੂੰ ਸ਼ਹਿਰ ਦਾ ਦਰਜਾ ਮਿਲਿਆ ਸੀ ਜਿਨ੍ਹਾਂ ਵਿੱਚੋਂ ਲਾਤੀਨਾ, ਸਬਾਊਦੀਆ ਤੇ ਅਪ੍ਰੀਲੀਆ ਸਨ ਪਰ ਹੁਣ ਪੁਨਤੀਨੀਆ ਨੂੰ ਸ਼ਹਿਰ ਦਾ ਦਰਜਾ ਮਿਲ ਜਾਣ ਤੇ ਇਨ੍ਹਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਦੂਜੇ ਪਾਸੇ ਇਸ ਕਸਬੇ ਵਿੱਚ ਰਹਿ ਰਹੇ ਲੋਕਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਇੱਕ ਕਸਬੇ ਨੂੰ ਸ਼ਹਿਰ ਦਾ ਦਰਜਾ ਮਿਲ ਜਾਣ ਨਾਲ ਸ਼ਹਿਰ ਵਾਲੀਆਂ ਸਹੂਲਤਾਂ ਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਤੇ ਨਾਲ ਹੀ ਨਾਲ ਜਾਇਦਾਦਾਂ ਦੀਆ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਪੁਨਤੀਨੀਆ ਦੇ ਪੰਜਵੀਂ ਵਾਰ ਮੇਅਰ ਬਣੇ ਐਲੀਜਿਆ ਤੋਮਬੋਲੀਲੋ ਅਤੇ ਸੱਭਿਆਚਾਰਕ ਕੌਂਸਲਰ ਮਾਰੀਆ ਰੀਤਾ ਨੇ ਰਾਸ਼ਟਰਪਤੀ ਵੱਲੋਂ ਕੀਤੇ ਇਸ ਐਲਾਨ ਨੂੰ ਪੁਨਤੀਨੀਆ ਦੇ ਲੋਕਾਂ ਦੀ ਵੱਡੀ ਕਾਮਯਾਬੀ ਦੱਸਿਆ ਹੈ ਜਿਹੜੀ ਕਿ ਸਥਾਨਕ ਹਜ਼ਾਰਾਂ ਲੋਕਾਂ ਦੀ ਹੱਡ-ਭੰਨਵੀਂ ਮਿਹਨਤ ਦਾ ਨਤੀਜਾ ਹੈ।

