Major incident in Canadian gurdwara: Two people attacked with sharp object
ਕੈਨੇਡਾ ਦੇ ਗੁਰਦੁਆਰੇ ‘ਚ ਵਾਪਰੀ ਵੱਡੀ ਵਾਰਦਾਤ : ਦੋ ਵਿਅਕਤੀਆਂ ‘ਤੇ ਤੇਜ਼ਧਾਰ ਚੀਜ਼ ਨਾਲ ਕੀਤਾ ਹਮਲਾ
ਐਡਮਿੰਟਨ (ਆਵਾਜ਼ਿ ਕੌਮ ਬਿਊਰੋ)- ਕੈਨੇਡਾ ਦੇ ਐਡਮਿੰਟਨ ਦੇ ਇੱਕ ਗੁਰਦੁਆਰੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ 27 ਸਾਲਾ ਹਥਿਆਰਬੰਦ ਵਿਅਕਤੀ ਨੇ ਦੋ ਲੋਕਾਂ ‘ਤੇ ਸਕ੍ਰਿਊਡ੍ਰਾਈਵਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਇਹ ਪਤਾ ਲਗਾਉਣ ਲਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਹਮਲਾ ਨਫ਼ਰਤ ਤੋਂ ਪ੍ਰੇਰਿਤ ਸੀ ਜਾਂ ਨਹੀਂ। ਇਹ ਘਟਨਾ ਸ਼ੁੱਕਰਵਾਰ ਸਵੇਰੇ 5 ਵਜੇ (ਸਥਾਨਕ ਸਮੇਂ) ਉੱਤਰ-ਪੂਰਬੀ ਐਡਮਿੰਟਨ ਦੇ ਨਾਨਕਸਰ ਸਿੱਖ ਗੁਰਦੁਆਰੇ ਵਿੱਚ ਵਾਪਰੀ ਹੈ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਪੁਲਸ ਨੇ ਕਿਹਾ ਕਿ ਦੋਸ਼ੀ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਉਸ ਨੇ ਦਰਬਾਰ ਹਾਲ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਗੁਰਦੁਆਰਾ ਸਟਾਫ ਨੇ ਉਸਨੂੰ ਰੋਕ ਲਿਆ। ਐਡਮਿੰਟਨ ਪੁਲਸ ਸਰਵਿਸ (ਈਪੀਐਸ) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਅਤੇ ਦੋਸ਼ੀ ਨੇ 75 ਅਤੇ 51 ਸਾਲ ਦੀ ਉਮਰ ਦੇ ਦੋ ਆਦਮੀਆਂ ‘ਤੇ ਹਮਲਾ ਕੀਤਾ। ਕਾਰਜਕਾਰੀ ਈਪੀਐਸ ਇੰਸਪੈਕਟਰ ਏਰਿਕ ਸਟੀਵਰਟ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੁਲਸ ਦੀ ਨਫ਼ਰਤ ਅਪਰਾਧ ਇਕਾਈ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਨਕਸਰ ਗੁਰਦੁਆਰਾ ਗੁਰਸਿੱਖ ਮੰਦਰ ਦੇ ਉਪ ਪ੍ਰਧਾਨ ਜ਼ੋਰਾ ਗਰੇਵਾਲ ਨੇ ਕਿਹਾ ਕਿ ਚਸ਼ਮਦੀਦਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਘਟਨਾ ਸਮੇਂ ਗੁਰਦੁਆਰੇ ਵਿੱਚ ਸਵੇਰ ਦੀ ਅਰਦਾਸ ਹੋ ਰਹੀ ਸੀ ਅਤੇ ਬਹੁਤ ਸਾਰੇ ਲੋਕ ਮੌਜੂਦ ਸਨ। ਪੁਲਸ ਅਨੁਸਾਰ, ਘਟਨਾ ਵਿੱਚ ਜ਼ਖਮੀ ਹੋਏ ਲੋਕ ਸ਼ਰਧਾਲੂ ਹਨ, ਜਦੋਂ ਕਿ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਗੁਰਦੁਆਰੇ ਦਾ ਗ੍ਰੰਥੀ ਹੈ ਅਤੇ ਦੂਜਾ ਇੱਕ ਵਲੰਟੀਅਰ ਹੈ, ਜੋ ਲੰਬੇ ਸਮੇਂ ਤੋਂ ਉੱਥੇ ਸੇਵਾ ਕਰ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਜਦੋਂ ਗੁਰਦੁਆਰੇ ਦੇ ਅੰਦਰ ਲੋਕਾਂ ਨੇ ਹਥਿਆਰਬੰਦ ਵਿਅਕਤੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸ਼ੱਕੀ ਨੇ ਗ੍ਰੰਥੀ ‘ਤੇ ਸਕ੍ਰਿਊਡ੍ਰਾਈਵਰ ਨਾਲ ਕਈ ਵਾਰ ਹਮਲਾ ਕੀਤਾ ਅਤੇ ਇਸ ਤੋਂ ਬਾਅਦ ਬਜ਼ੁਰਗ ਵਲੰਟੀਅਰ ‘ਤੇ ਵੀ ਹਮਲਾ ਕੀਤਾ। ਰਿਪੋਰਟ ਦੇ ਅਨੁਸਾਰ ਦੋਵਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

