‘We will soon have full control..!’ Trump again claims to have captured Hormuz
‘ਜਲਦੀ ਹੀ ਕਰਾਂਗੇ ਪੂਰਾ ਕੰਟਰੋਲ..!’ ਟਰੰਪ ਨੇ ਮੁੜ ਕੀਤਾ ਹੋਰਮੁਜ਼ ‘ਤੇ ਕਬਜ਼ਾ ਕਰਨ ਦਾ ਦਾਅਵਾ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਜਲਦ ਹੀ ਹੋਰਮੁਜ਼ ਸਟ੍ਰੇਟ ’ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਹਮਲਿਆਂ ਵਿਚ ਇਰਾਨ ਦੀ ਨੇਵੀ, ਏਅਰਫੋਰਸ ਅਤੇ ਮਿਲਟਰੀ ਲੀਡਰਸ਼ਿਪ ਨੂੰ ਬਹੁਤ ਨੁਕਸਾਨ ਹੋਇਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਕਿਸੇ ਵੀ ਕੀਮਤ ’ਤੇ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਫੌਜੀ ਕਾਰਵਾਈ ਕਰਨੀ ਜ਼ਰੂਰੀ ਸੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਭਵਿੱਖ ਵਿਚ ਇਰਾਨ ਵੱਲੋਂ ਫਿਰ ਅਜਿਹਾ ਖਤਰਾ ਪੈਦਾ ਹੋਇਆ, ਤਾਂ ਅਮਰੀਕਾ ਫਿਰ ਤੋਂ ਸਖ਼ਤ ਕਦਮ ਚੁੱਕੇਗਾ। ਟਰੰਪ ਨੇ ਕਿਹਾ ਕਿ ਇਰਾਨ ਦੇ ਕਈ ਵੱਡੇ ਨੇਤਾ ਹੁਣ ਨਹੀਂ ਰਹੇ। ਇਸ ਕਾਰਨ ਨਵੇਂ ਸਮਝੌਤੇ ’ਤੇ ਗੱਲਬਾਤ ਮੁਸ਼ਕਿਲ ਹੋ ਗਈ ਹੈ। ਫਿਲਹਾਲ ਇਹ ਵੀ ਸਾਫ਼ ਨਹੀਂ ਹੈ ਕਿ ਇਰਾਨ ਵਿਚ ਫੈਸਲੇ ਕੌਣ ਲੈ ਰਿਹਾ ਹੈ। ਟਰੰਪ ਨੇ ਇਕ ਵਾਰ ਫਿਰ ਤੋਂ ਦਾਅਵਾ ਕੀਤਾ ਕਿ ਇਰਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਮਹਿੰਗਾਈ ਬਹੁਤ ਜ਼ਿਆਦਾ ਹੈ। ਫੌਜ ਨੂੰ ਤਨਖਾਹ ਦੇਣ ’ਚ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਉਨ੍ਹਾਂ ਦੇ ਦੇਸ਼ ਨੂੰ ਦਿੱਤੀਆਂ ਗਈਆਂ ਅਮਰੀਕਾ ਦੀਆਂ ‘ਸਖਤ ਆਰਥਿਕ ਕਦਮ’ ਚੁੱਕਣ ਦੀਆਂ ਧਮਕੀਆਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਅਜਿਹੀਆਂ ‘ਨਾਕਾਮ ਨੀਤੀਆਂ’ ਇਰਾਨੀਆਂ ਵਿਚ ਹੋਰ ਜ਼ਿਆਦਾ ਵਿਰੋਧ ਦੀ ਭਾਵਨਾ ਪੈਦਾ ਕਰਨਗੀਆਂ। ਅਰਾਘਚੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਇਹ ਧਮਕੀਆਂ ਅਮਰੀਕੀ ਜਨਤਾ ਦਾ ਧਿਆਨ ਦੇਸ਼ ਦੀਆਂ ਘਰੇਲੂ ਵਿੱਤੀ ਸਮੱਸਿਆਵਾਂ ਤੋਂ ਭਟਕਾਉਣ ਦੇ ਉਦੇਸ਼ ਨਾਲ ਦਿੱਤੀਆਂ ਜਾ ਰਹੀਆਂ ਹਨ।

