Major police action against drug smugglers; illegal construction belonging to an accused lodged in Kapurthala Jail demolished
ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਪੂਰਥਲਾ ਜੇਲ੍ਹ ‘ਚ ਬੰਦ ਦੋਸ਼ੀ ਦੀ ਨਾਜਾਇਜ਼ ਉਸਾਰੀ ਢਾਹੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਡੀ. ਸੀ. ਪੀ. ਸਿਟੀ ਆਦਿੱਤਿਆ ਐੱਸ. ਵਾਰੀਅਰ ਤੇ ਏ. ਡੀ. ਸੀ. ਪੀ.-2 ਮਾਧਵੀ ਸ਼ਰਮਾ ਦੀ ਨਿਗਰਾਨੀ ਹੇਠ ਅਸਲਾ ਐਕਟ ਅਤੇ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਸੈਂਟਰਲ ਜੇਲ ਕਪੂਰਥਲਾ ’ਚ ਬੰਦ ਨਸ਼ਾ ਸਮੱਗਲਰ ਵੱਲੋਂ ਨਸ਼ਾ ਸਮਗਲਿੰਗ ਦੀ ਕਮਾਈ ਨਾਲ ਬਣਾਈ ਨਾਜਾਇਜ਼ ਉਸਾਰੀ ਉੱਪਰ ਸਖ਼ਤ ਕਾਰਵਾਈ ਕੀਤੀ ਗਈ ਹੈ। ਸ਼ਨੀਵਾਰ ਨੂੰ ਕਮਿਸ਼ਨਰੇਟ ਪੁਲਸ ਅਤੇ ਨਗਰ ਨਿਗਮ ਜਲੰਧਰ ਵੱਲੋਂ ਸਾਂਝੇ ਤੌਰ ’ਤੇ ਕਪੂਰਥਲਾ ਰੋਡ, ਅੱਡਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਸਥਿਤ ਇਕ ਇਮਾਰਤ ਵਿਰੁੱਧ ਕਾਰਵਾਈ ਕੀਤੀ ਗਈ। ਇਹ ਇਮਾਰਤ ਸਬੰਧਤ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਨਸ਼ਿਆਂ ਦੀ ਕਮਾਈ ਨਾਲ ਬਣਾਈ ਗਈ ਜਾਇਦਾਦ ਹੋਣ ਦੇ ਆਧਾਰ ’ਤੇ ਸੀਲ ਕੀਤੀ ਗਈ ਸੀ। ਏ. ਸੀ. ਪੀ. ਵੈਸਟ, ਜਲੰਧਰ ਆਤਿਸ਼ ਭਾਟੀਆ ਤੇ ਨਗਰ ਨਿਗਮ ਜਲੰਧਰ ਦੇ ਅਸਿਸਟੈਂਟ ਟਾਊਨ ਪਲਾਨਰ ਰਵਿੰਦਰ ਕੁਮਾਰ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਿੰਗ ਦੇ ਮਾਮਲਿਆਂ ’ਚ ਸ਼ਾਮਲ ਅਮਨਦੀਪ ਸਿੰਘ ਉਰਫ਼ ਆਨੰਦ ਪੁੱਤਰ ਜਸਬੀਰ ਸਿੰਘ ਵਾਸੀ ਬਾਜਵਾ ਕਾਲੋਨੀ, ਬਸਤੀ ਪੀਰਦਾਦ, ਜਲੰਧਰ ਦੀ ਇਸ ਗੈਰ-ਕਾਨੂੰਨੀ ਉਸਾਰੀ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਢਾਹ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਅਸਲਾ ਐਕਟ ਦੇ ਮਾਮਲਿਆਂ ’ਚ ਵੀ ਸ਼ਾਮਲ ਹੈ ਤੇ ਇਸ ਸਮੇਂ ਕੇਂਦਰੀ ਜੇਲ ਕਪੂਰਥਲਾ ਵਿਖੇ ਬੰਦ ਹੈ। ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਦੁਹਰਾਇਆ ਜਾਂਦਾ ਹੈ ਕਿ ਨਸ਼ਾ ਸਮੱਗਲਿੰਗ ਅਤੇ ਇਸ ਨਾਲ ਜੁੜੀਆਂ ਗੈਰ-ਕਾਨੂੰਨੀ ਸਰਗਰਮੀਆਂ ’ਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਪੁਲਸ ਅਫਸਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਅਮਨਦੀਪ ਸਿੰਘ ਉਰਫ ਆਨੰਦ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ ਇਕ ਵਿਚ ਤੇ ਥਾਣਾ ਬਸਤੀ ਬਾਵਾ ਖੇਲ ਵਿਚ ਐੱਨ. ਡੀ. ਪੀ. ਐੱਸ. ਐਕਟ ਅਤੇ ਅਸਲਾ ਐਕਟ ਦੇ ਮਾਮਲੇ ਦਰਜ ਹਨ।

