Weather conditions have changed in Punjab, coldness increased with morning rain
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਤੜਕਸਾਰ ਬਾਰਿਸ਼ ਨਾਲ ਵਧੀ ਠੰਡ
ਜਲੰਧਰ (ਆਵਾਜ਼ਿ ਕੌਮ ਬਿਊਰੋ)- ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ 15 ਨਵੰਬਰ ਨੂੰ ਤੜਕਸਾਰ ਹੋਈ ਬਾਰਿਸ਼ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਜਲੰਧਰ ਸਮੇਤ ਕਈ ਸ਼ਹਿਰਾਂ ਵਿੱਚ ਸਵੇਰੇ ਹੋਈ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਠੰਡ ਵਧ ਗਈ ਹੈ। ਸਵੇਰੇ ਬਾਰਿਸ਼ ਹੋਣ ਕਾਰਨ ਲੋਕਾਂ ਨੂੰ ਠੰਡ ਦਾ ਵਧੇਰੇ ਅਹਿਸਾਸ ਹੋਇਆ। ਇਸ ਹਲਕੀ ਬਾਰਿਸ਼ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਅਤੇ ਸਮੌਗ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਮੌਸਮ ਵਿਚ ਆਈ ਤਬਦੀਲੀ ਦਾ ਇਕ ਮੁੱਖ ਕਾਰਨ ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫ਼ਬਾਰੀ ਦੱਸਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਨਾਲ ਮੈਦਾਨੀ ਇਲਾਕਿਆਂ ਵੱਲ ਆਉਣ ਵਾਲੀਆਂ ਹਵਾਵਾਂ ਵਿਚ ਠੰਢਕ ਵਧ ਗਈ ਹੈ। ਇਸ ਦਾ ਅਸਰ ਪੰਜਾਬ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਸਵੇਰ ਤੇ ਸ਼ਾਮ ਦੇ ਸਮੇਂ ਠੰਢ ਦਾ ਅਹਿਸਾਸ ਵਧਣ ਲੱਗਾ ਹੈ। ਮੌਸਮ ਦੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ 1-2 ਦਿਨਾਂ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਹਲਕਾ ਮੀਂਹ ਵੀ ਪੈ ਸਕਦਾ ਹੈ। ਬੱਦਲਾਂ ਅਤੇ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿਚ ਉਤਰਾਅ-ਚੜ੍ਹਾਅ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਚ ਤਬਦੀਲੀ ਕਾਰਨ ਸਵੇਰ ਅਤੇ ਸ਼ਾਮ ਦੇ ਸਮੇਂ ਠੰਢਕ ਵਧ ਸਕਦੀ ਹੈ, ਜਦਕਿ ਦਿਨ ਦੇ ਸਮੇਂ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲ ਸਕਦੀ ਹੈ।

