Markets and shops completely closed during Jalandhar bandh, silence on the roads
ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ ‘ਤੇ ਸੰਨਾਟਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਲੁਧਿਆਣਾ ਵਿਚ ਡਾ. ਭੀਮ ਰਾਓ. ਅੰਬੇਡਕਰ ਦੀ ਮੂਰਤੀ ਨਾਲ ਕੀਤੀ ਗਈ ਛੇੜਛਾੜ ਦੇ ਵਿਰੋਧ ਵਿਚ ਅੱਜ ਜਲੰਧਰ ਬੰਦ ਕੀਤਾ ਗਿਆ ਹੈ। ਬੀਤੇ ਦਿਨ ਵਾਲਮੀਕਿ ਭਾਈਚਾਰੇ ਵੱਲੋਂ ਸਵੇਰੇ 9 ਵਜੋਂ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਲੰਧਰ ਬੰਦ ਦੀ ਕਾਲ ਦਿੱਤੀ ਗਈ ਸੀ। ਇਸੇ ਤਹਿਤ ਸਵੇਰ ਤੋਂ ਜਲੰਧਰ ਸ਼ਹਿਰ ਦੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਬੰਦ ਹਨ। ਬੈਂਕ ਵੀ ਬੰਦ ਹਨ, ਉਥੇ ਹੀ ਹੁਸ਼ਿਆਰਪੁਰ ਵਿਚ ਵੀ ਪ੍ਰਦਰਸ਼ਨਕਾਰੀਆਂ ਨੇ ਬਾਜ਼ਾਰ ਬੰਦ ਕਰਵਾਏ ਹਨ। ਇਸ ਸਬੰਧ ਵਿਚ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਅਤੇ ਕਾਲਜਾਂ ਨੂੰ ਬੰਦ ਤੋਂ ਮੁਕਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮੈਡੀਕਲ ਸਟੋਰ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਵੀ ਆਮ ਵਾਂਗ ਜਾਰੀ ਰਹਿਣਗੀਆਂ। ਜਲੰਧਰ ਬੰਦ ਨੂੰ ਲੈ ਕੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰਹੇ। ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਗੋਰਾ ਨੇ ਦੱਸਿਆ ਕਿ ਮੁੱਖ ਧਰਨਾ ਜਲੰਧਰ ਦੇ ਡਾ. ਭੀਮ ਰਾਓ ਅੰਬੇਡਕਰ ਚੌਂਕ ‘ਤੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਸਭ ਤੋਂ ਰੁਝੇਵੇਂ ਵਾਲੇ ਰੈਣਕ ਬਾਜ਼ਾਰ ਦੇ ਵਪਾਰੀਆਂ ਤੋਂ ਪਹਿਲਾਂ ਹੀ ਸਮਰਥਨ ਪ੍ਰਾਪਤ ਹੋ ਚੁੱਕਾ ਹੈ। ਹੋਰ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਹਿਯੋਗ ਦਿੱਤਾ। ਦੱਸ ਦੇਈਏ ਕਿ ‘ਭੀਮ ਕ੍ਰਾਂਤੀ ਸੇਨਾ’ ਦੇ ਪ੍ਰਧਾਨ ਗੌਰਵ ਨੇ ਦੋਸ਼ ਲਾਇਆ ਕਿ ਕੁਝ ਸਿਆਸੀ ਪਾਰਟੀਆਂ ਆਪਣੀ ਰਾਜਨੀਤੀ ਚਮਕਾਉਣ ਲਈ ਅਜਿਹੀਆਂ ਘਟਨਾਵਾਂ ਕਰਵਾ ਰਹੀਆਂ ਹਨ ਅਤੇ ਪੁਲਸ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਕਰ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਨਾ ਹੋਣ ਦੇ ਵਿਰੋਧ ‘ਚ ਹੀ ਬੰਦ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਜੇਕਰ ਪੁਲਸ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਇਸ ਅੰਦੋਲਨ ਨੂੰ ਸੂਬਾ ਪੱਧਰ ‘ਤੇ ਹੋਰ ਤੇਜ਼ ਕੀਤਾ ਜਾਵੇਗਾ। ਉਥੇ ਹੀ ਦੂਜੇ ਪਾਸੇ ਲੁਧਿਆਣਾ ਵਿਚ ਅੱਜ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਪੁਲਸ ਲਾਈਨਜ਼ ਵਿਖੇ ਦਲਿਤ ਭਾਈਚਾਰੇ ਨਾਲ ਮੀਟਿੰਗ ਕਰਨਗੇ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

