Welcoming RSS chief at London’s Gurdwara Sahib is a betrayal of the Panth – World Sikh Parliament
*ਲੰਡਨ ਦੇ ਗੁਰਦੁਆਰਾ ਸਾਹਿਬ ’ਚ ਆਰ.ਐੱਸ.ਐੱਸ. ਮੁਖੀ ਦਾ ਸਵਾਗਤ ਪੰਥ ਨਾਲ ਧ੍ਰੋਹ – ਵਰਲਡ ਸਿੱਖ ਪਾਰਲੀਮੈਂਟ * ਮੋਹਨ ਭਾਗਵਤ ਦੀ ਗੁਰਦੁਆਰਾ ਫੇਰੀ ਦੀ ਨਿੰਦਾ, ਸਿੱਖ ਸੰਸਥਾਵਾਂ ਨੂੰ ਸੁਚੇਤ ਰਹਿਣ ਦੀ ਅਪੀਲ
ਫਰੈਂਕਫਰਟ/ਲੰਡਨ (ਸਰਬਜੀਤ ਸਿੰਘ ਬਨੂੜ/ਆਵਾਜ਼ਿ ਕੌਮ ਬਿਊਰੋ)- ਵਰਲਡ ਸਿੱਖ ਪਾਰਲੀਮੈਂਟ ਨੇ ਲੰਡਨ ਦੇ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਦੀ ਫੇਰੀ ਅਤੇ ਉਨ੍ਹਾਂ ਦੇ ਕੀਤੇ ਗਏ ਸਵਾਗਤ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਅਤੇ ‘ਪੰਥ ਨਾਲ ਧ੍ਰੋਹ’ ਕਰਾਰ ਦਿੱਤਾ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ (ਅਮਰੀਕਾ), ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ (ਜਰਮਨੀ), ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ (ਇੰਗਲੈਂਡ), ਭਾਈ ਪ੍ਰਭ ਸਿੰਘ, ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ (ਕੈਨੇਡਾ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਹਰਜੋਤ ਸਿੰਘ ਸੰਧੂ (ਹਾਲੈਂਡ), ਭਾਈ ਸਤਨਾਮ ਸਿੰਘ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ (ਫਰਾਂਸ) ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਗੁਰਦੁਆਰਾ ਸਾਹਿਬਾਨ ਨੂੰ ਕਿਸੇ ਸਿਆਸੀ ਵਿਚਾਰਧਾਰਾ ਦੇ ਪ੍ਰਚਾਰ ਲਈ ਵਰਤਿਆ ਜਾਣਾ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਉਲਟ ਹੈ।
ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਮੋਹਨ ਭਾਗਵਤ ਦੀਆਂ ਫੇਰੀਆਂ ਦੌਰਾਨ ਸਿੱਖਾਂ ਵੱਲੋਂ ਵਿਰੋਧ ਪ੍ਰਗਟਾਇਆ ਗਿਆ ਸੀ, ਜਦਕਿ ਬਰਤਾਨੀਆ ਵਿੱਚ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਵਿਖੇ ਸਵਾਗਤ ਕੀਤੇ ਜਾਣ ਨਾਲ ਸਿੱਖ ਸੰਗਤ ਵਿੱਚ ਗੰਭੀਰ ਸਵਾਲ ਖੜ੍ਹੇ ਹੋਏ ਹਨ।
ਵਰਲਡ ਸਿੱਖ ਪਾਰਲੀਮੈਂਟ ਨੇ ਦਾਅਵਾ ਕੀਤਾ ਕਿ ਆਰ.ਐੱਸ.ਐੱਸ. ਦੀ ਹਿੰਦੂ ਰਾਸ਼ਟਰ ਸਬੰਧੀ ਵਿਚਾਰਧਾਰਾ ਅਤੇ ਸਿੱਖ ਧਰਮ ਦੀ ਵੱਖਰੀ ਪਛਾਣ ਬਾਰੇ ਉਸ ਦੀ ਪਹੁੰਚ ਸਿੱਖੀ ਦੇ ਬਰਾਬਰਤਾ, ਮਨੁੱਖੀ ਅਧਿਕਾਰਾਂ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਜਥੇਬੰਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਰ.ਐੱਸ.ਐੱਸ. ਸਬੰਧੀ ਪਹਿਲਾਂ ਪ੍ਰਗਟ ਕੀਤੇ ਗਏ ਇਤਰਾਜ਼ਾਂ ਦਾ ਵੀ ਹਵਾਲਾ ਦਿੱਤਾ।
ਬਿਆਨ ਵਿੱਚ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਜਾਤ-ਪਾਤ, ਸਮਾਜਿਕ ਊਚ-ਨੀਚ ਅਤੇ ਜ਼ੁਲਮ ਦਾ ਵਿਰੋਧ ਕਰਦਿਆਂ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਅਜਿਹੀ ਸਿਆਸੀ ਵਿਚਾਰਧਾਰਾ ਨੂੰ ਪ੍ਰਵਾਨਗੀ ਮਿਲਣ ਦਾ ਪ੍ਰਭਾਵ ਦੇਣ ਲਈ ਵਰਤਿਆ ਜਾਣਾ ਸਿੱਖੀ ਦੇ ਮੂਲ ਸਿਧਾਂਤਾਂ ਦੇ ਉਲਟ ਹੈ।
ਵਰਲਡ ਸਿੱਖ ਪਾਰਲੀਮੈਂਟ ਨੇ ਵਿਸ਼ਵ ਭਰ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਦੀ ਸੁਤੰਤਰਤਾ ਅਤੇ ਸਿੱਖੀ ਦੀ ਵੱਖਰੀ ਪਛਾਣ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸਿਆਸੀ ਜਥੇਬੰਦੀ ਨੂੰ ਗੁਰੂ ਘਰਾਂ ਦੀ ਵਰਤੋਂ ਆਪਣੇ ਵਿਚਾਰਧਾਰਕ ਜਾਂ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਨਾ ਕਰਨ ਦੇਣ।

