Netanyahu will lose his seat! No party is securing a clear majority
ਖੁੱਸ ਜਾਵੇਗੀ ਨੇਤਨਯਾਹੂ ਦੀ ਕੁਰਸੀ ! ਕਿਸੇ ਵੀ ਪਾਰਟੀ ਨੂੰ ਨਹੀਂ ਮਿਲ ਰਿਹਾ ਸਪੱਸ਼ਟ ਬਹੁਮਤ
Tailaviv, (ਆਵਾਜ਼ਿ ਕੌਮ ਬਿਊਰੋ)-ਇਜ਼ਰਾਈਲ ‘ਚ ਹੋਈਆਂ ਸੰਸਦੀ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰ ਦੇਸ਼ ‘ਚ ਇੱਕ ਵਾਰ ਫਿਰ ਸਿਆਸੀ ਡੈੱਡਲਾਕ ਬਣਦਾ ਨਜ਼ਰ ਆ ਰਿਹਾ ਹੈ। ਗਾਜ਼ਾ ‘ਤੇ ਹਮਲੇ ਮਗਰੋਂ ਪਹਿਲੀ ਵਾਰ ਹੋ ਰਹੀਆਂ ਚੋਣਾਂ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਸੱਜੇ-ਪੱਖੀ ਗਠਜੋੜ ਅਤੇ ਉਨ੍ਹਾਂ ਦੇ ਵਿਰੋਧੀ ਧਿਰਾਂ ਦਾ ਗਠਜੋੜ, ਦੋਵੇਂ ਹੀ 120 ਮੈਂਬਰੀ ਸੰਸਦ Knesset ‘ਚ ਸਰਕਾਰ ਬਣਾਉਣ ਲਈ ਲੋੜੀਂਦੇ 61 ਸੀਟਾਂ ਦੇ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਗਏ ਹਨ। ਨੇਤਨਯਾਹੂ ਦੀ ਅਗਵਾਈ ਵਾਲੇ Likud ਦੇ ਗਠਜੋੜ ਨੂੰ 51 ਤੋਂ 52 ਸੀਟਾਂ ਮਿਲਣ ਦਾ ਅਨੁਮਾਨ ਹੈ। ਇਨ੍ਹਾਂ ਚੋਣਾਂ ‘ਚ ਲਿਕੁਡ ਪਾਰਟੀ ਲਗਭਗ 27-28 ਸੀਟਾਂ ਨਾਲ ਸਭ ਤੋਂ ਵੱਡੀ ਸਿੰਗਲ ਪਾਰਟੀ ਵਜੋਂ ਉੱਭਰ ਰਹੀ ਹੈ। ਉੱਥੇ ਹੀ ਵਿਰੋਧੀ ਗਠਜੋੜ ‘ਚ ਸਾਬਕਾ ਫੌਜ ਮੁਖੀ ਗਾਦੀ ਆਈਜ਼ਨਕੋਟ ਦੀ ਅਗਵਾਈ ਵਾਲੀ ‘ਯਾਸ਼ਾਰ’ ਸਣੇ ਵਿਰੋਧੀ ਧਿਰਾਂ ਨੂੰ 49 ਤੋਂ 51 ਸੀਟਾਂ ਮਿਲਣ ਦੀ ਉਮੀਦ ਹੈ। ਕੁਝ ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਧੜੇ 51-51 ਸੀਟਾਂ ‘ਤੇ ਟਾਈ ਹਨ, ਜਦਕਿ ਕੁਝ ਰਿਪੋਰਟਾਂ ਅਨੁਸਾਰ ਨੇਤਨਯਾਹੂ ਧੜੇ ਨੂੰ 52 ਸੀਟਾਂ ਨਾਲ ਮਾਮੂਲੀ ਬੜ੍ਹਤ ਮਿਲ ਸਕਦੀ ਹੈ। ਇਜ਼ਰਾਈਲੀ ਅਰਬ ਪਾਰਟੀਆਂ ਨੂੰ ਇਸ ਚੋਣ ‘ਚ 18 ਤੋਂ 19 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅਰਬ ਵੋਟਰਾਂ ਦੀ ਰਿਕਾਰਡ ਹਿੱਸੇਦਾਰੀ ਕਾਰਨ ਇਹ ਪਾਰਟੀਆਂ ਨਵੀਂ ਸਰਕਾਰ ਦੇ ਗਠਨ ਵਿੱਚ ‘ਕਿੰਗਮੇਕਰ’ ਦੀ ਭੂਮਿਕਾ ਨਿਭਾ ਸਕਦੀਆਂ ਹਨ। ਹਾਲਾਂਕਿ ਨੇਤਨਯਾਹੂ ਨੇ ਅਰਬ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਦਕਿ ਆਈਜ਼ਨਕੋਟ ਨੇ ਸ਼ਰਤਾਂ ਨਾਲ ਅਰਬ ਧਿਰਾਂ ਨਾਲ ਗੱਲਬਾਤ ਦੇ ਸੰਕੇਤ ਦਿੱਤੇ ਹਨ। ਕੇਂਦਰੀ ਚੋਣ ਕਮਿਸ਼ਨ ਅਨੁਸਾਰ ਰਾਤ 10 ਵਜੇ ਵੋਟਿੰਗ ਖ਼ਤਮ ਹੋਣ ਤੱਕ 77.7 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਪਿਛਲੇ 27 ਸਾਲਾਂ ਵਿੱਚ ਇਜ਼ਰਾਈਲ ਵਿੱਚ ਸਭ ਤੋਂ ਵੱਧ ਹੈ।

