OMG! 11-member interstate gang arrested after flying from UP to Kerala to commit thefts
OMG! ਚੋਰੀਆਂ ਕਰਨ ਲਈ UP ਤੋਂ ਹਵਾਈ ਜਹਾਜ਼ ਰਾਹੀਂ ਕੇਰਲਮ ਪੁੱਜਾ ਅੰਤਰਰਾਜੀ 11 ਮੈਂਬਰੀ ਗਿਰੋਹ, ਗ੍ਰਿਫ਼ਤਾਰ
ਕੋਚੀ/ਤ੍ਰਿਸ਼ੂਰ (ਕੇਰਲ) (ਆਵਾਜ਼ਿ ਕੌਮ ਬਿਊਰੋ)- ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਹਵਾਈ ਜਹਾਜ਼ ਰਾਹੀਂ ਕੇਰਲਮ ਪਹੁੰਚੇ ਉੱਤਰ ਪ੍ਰਦੇਸ਼ ਦੇ ਇਕ 11 ਮੈਂਬਰੀ ਅੰਤਰਰਾਜੀ ਗਿਰੋਹ ਨੂੰ ਕੋਚੀ, ਤ੍ਰਿਸ਼ੂਰ ਤੇ ਕੰਨੂਰ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਗਿਰੋਹ ਨੇ ਕਥਿਤ ਤੌਰ ’ਤੇ ਕੇਰਲਮ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਉਸਾਰੀ ਅਧੀਨ ਇਮਾਰਤਾਂ, ਤਾਂਬੇ ਦੀਆਂ ਪੱਟੀਆਂ ਵਾਲੇ ਵੱਡੇ ਜੈਨਰੇਟਰਾਂ ਅਤੇ ਟੈਲੀਫੋਨ ਐਕਸਚੇਂਜ ਬੂਥਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਸੀ। ਚੋਰੀਆਂ ਕਰਦੇ ਸਮੇਂ ਮੁਲਜ਼ਮ ਉਸਾਰੀ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਭੇਸ ’ਚ ਰਹਿੰਦੇ ਸਨ ਤਾਂ ਜੋ ਕੋਈ ਉਨ੍ਹਾਂ ’ਤੇ ਸ਼ੱਕ ਨਾ ਕਰ ਸਕੇ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਕਿਹਾ ਕਿ ਉਨ੍ਹਾਂ ਕੋਲੋਂ ਮਜ਼ਦੂਰਾਂ ਦੇ ਭੇਸ ਵਾਲੇ ਕਈ ਤਰ੍ਹਾਂ ਦੇ ਕੱਪੜੇ ਬਰਾਮਦ ਵੀ ਹੋਏ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਤੇ ਬਾਗਪਤ ਦੇ ਰਹਿਣ ਵਾਲੇ ਗਿਰੋਹ ਦੇ ਮੈਂਬਰ ਹਵਾਈ ਜਹਾਜ਼ ਰਾਹੀਂ ਕੇਰਲਮ ਗਏ ਸਨ, ਜਦੋਂ ਕਿ ਚੋਰੀ ਲਈ ਵਰਤੇ ਜਾਣ ਵਾਲੇ ਦੋਪਹੀਆ ਵਾਹਨ ਦਿੱਲੀ ਤੋਂ ਰੇਲਗੱਡੀ ਰਾਹੀਂ ਕੇਰਲਮ ਪਹੁੰਚਾਏ ਗਏ ਸਨ। ਤ੍ਰਿਸ਼ੂਰ ’ਚ ਡਕੈਤੀ ਦੀ ਇਕ ਕੋਸ਼ਿਸ਼ ਦੌਰਾਨ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਸ਼ੁਰੂ ਕੀਤੀ। ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਸ ਦੇ ਸਾਥੀ ਕੋਚੀ ’ਚ ਰਹਿ ਰਹੇ ਸਨ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਕੋਚੀ ਸਿਟੀ ਪੁਲਸ ਨੇ ਤ੍ਰਿਸ਼ੂਰ ਪੁਲਸ ਨਾਲ ਮਿਲ ਕੇ ਕਲਾਮਾਸਰੇ ’ਚ ਛਾਪਾ ਮਾਰਿਆ ਅਤੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ।

