Plane coming from Sharjah crashes! Debris found under the sea, crew still ‘missing’
ਸ਼ਾਰਜਾਹ ਤੋਂ ਆਉਂਦਾ ਜਹਾਜ਼ ਹੋ ਗਿਆ ਕ੍ਰੈਸ਼ ! ਸਮੁੰਦਰ ਹੇਠੋਂ ਲੱਭਿਆ ਮਲਬਾ, ਸਵਾਰ ਮੈਂਬਰ ਹਾਲੇ ਵੀ ‘ਲਾਪਤਾ’
UAE, (ਆਵਾਜ਼ਿ ਕੌਮ ਬਿਊਰੋ)-ਸ਼ਾਰਜਾਹ ਤੋਂ ਉਡਾਣ ਭਰਨ ਵਾਲਾ ਪਾਕਿਸਤਾਨੀ ਏਅਰਲਾਈਨ ਕੇ2 ਦਾ ਕਾਰਗੋ ਜਹਾਜ਼ ਬੀਤੇ ਦਿਨ ਕਰਾਚੀ ਪਹੁੰਚਣ ਤੋਂ ਪਹਿਲਾਂ ਹੀ ਅਰਬ ਸਾਗਰ ਦੇ ਏਅਰਸਪੇਸ ‘ਚ ਅਚਾਨਕ ਗਾਇਬ ਹੋ ਗਿਆ ਸੀ, ਜਿਸ ਨੂੰ ਲੱਭਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਇਸੇ ਦੌਰਾਨ ਪਾਕਿਸਤਾਨੀ ਸਰਚ ਐਂਡ ਰੈਸਕਿਊ ਟੀਮਾਂ ਨੇ ਇਸ ਜਹਾਜ਼ ਦਾ ਮਲਬਾ ਲੱਭ ਲਿਆ ਹੈ। ਕਰਾਚੀ ਸਥਿਤ ਨਿੱਜੀ ਏਅਰਲਾਈਨ ‘ਕੇ2 ਏਅਰਵੇਜ਼’ ਦੇ ਇਸ ਬੋਇੰਗ 737 ਕਾਰਗੋ ਜਹਾਜ਼ ‘ਚ 5 ਕ੍ਰੂ ਮੈਂਬਰ ਸਵਾਰ ਸਨ। ਪਾਕਿਸਤਾਨ ਏਅਰਪੋਰਟ ਅਥਾਰਟੀ ਤੋਂ ਮਿਲੀ ਜਾਣਕਾਰੀ ਮੁਤਾਬਕ, ਪਾਕਿਸਤਾਨੀ ਜਲ ਸੈਨਾ (Navy) ਅਤੇ ਪਾਕਿਸਤਾਨ ਮੈਰੀਟਾਈਮ ਸਕਿਓਰਟੀ ਏਜੰਸੀ (PMSA) ਨੇ ਕਰੀਬ 12 ਘੰਟਿਆਂ ਦੇ ਤਲਾਸ਼ੀ ਅਭਿਆਨ ਤੋਂ ਬਾਅਦ ਬਲੋਚਿਸਤਾਨ ਦੇ ਤੱਟ ‘ਤੇ ਸਥਿਤ ਓਰਮਾਰਾ ਤੋਂ 53 ਨੌਟੀਕਲ ਮੀਲ ਦੱਖਣ ਵੱਲ ਡੂੰਘੇ ਸਮੁੰਦਰ ‘ਚੋਂ ਜਹਾਜ਼ ਦਾ ਮਲਬਾ ਬਰਾਮਦ ਕੀਤਾ ਹੈ। ਸੂਤਰਾਂ ਅਨੁਸਾਰ, ਜਹਾਜ਼ ਦਾ ਮਲਬਾ ਉਸੇ ਜਗ੍ਹਾ ਦੇ ਨੇੜਿਓਂ ਮਿਲਿਆ ਹੈ ਜਿੱਥੇ ਮੰਗਲਵਾਰ ਰਾਤ ਨੂੰ ਕਰਾਚੀ ਏਅਰ ਟ੍ਰੈਫਿਕ ਕੰਟਰੋਲਰ ਨਾਲੋਂ ਇਸ ਦਾ ਸੰਪਰਕ ਟੁੱਟਿਆ ਸੀ। ਇਸ ਭਿਆਨਕ ਹਾਦਸੇ ਮਗਰੋਂ ਜਹਾਜ਼ ਦੀ ਹਾਲਤ ਨੂੰ ਦੇਖਦੇ ਹੋਏ ਇਸ ‘ਚ ਸਵਾਰ 5 ਕ੍ਰੂ ਮੈਂਬਰਾਂ ਦੇ ਜ਼ਿੰਦਾ ਬਚਣ ਦੀ ਉਮੀਦ ਬੇਹੱਦ ਘੱਟ ਦੱਸੀ ਜਾ ਰਹੀ ਹੈ। ਫਿਲਾਹਲ ਰੈਸਕਿਊ ਟੀਮਾਂ ਲਾਪਤਾ ਕ੍ਰੂ ਮੈਂਬਰਾਂ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ‘ਚ ਜੁਟੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਸਵਾਰ ਸਾਰੇ ਕ੍ਰੂ ਮੈਂਬਰ ਪਾਕਿਸਤਾਨੀ ਸਨ, ਜਿਨ੍ਹਾਂ ‘ਚ ਕੈਪਟਨ ਮੁਹੰਮਦ ਰਿਜ਼ਵਾਨ ਇਦਰੀਸ, ਫਸਟ ਅਫ਼ਸਰ ਫੈਜ਼ਲ ਜਤੋਈ, ਫਲਾਈਟ ਇੰਜੀਨੀਅਰ ਮੁਹੰਮਦ ਹਾਮਿਦ ਤੇ ਮੁਹੰਮਦ ਆਰਿਫ਼ ਸਿੱਦੀਕੀ, ਅਤੇ ਲੋਡਮਾਸਟਰ ਮੁਹੰਮਦ ਤੌਫ਼ੀਕ ਖ਼ਾਨ ਸ਼ਾਮਲ ਹਨ। PAA ਮੁਤਾਬਕ, ਮੰਗਲਵਾਰ ਰਾਤ ਸਥਾਨਕ ਸਮੇਂ ਅਨੁਸਾਰ 09:18 ਵਜੇ ਜਹਾਜ਼ ਦੇ ਨੈਵੀਗੇਸ਼ਨ ਸਿਸਟਮ ‘ਚ ਖ਼ਰਾਬੀ ਆਉਣ ਦੀ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਕਰਾਚੀ ਕੰਟਰੋਲ ਸੈਂਟਰ ਨੇ ਇਸ ਨੂੰ ਗਾਈਡ ਵੀ ਕੀਤਾ। ਪਰ ਠੀਕ 4 ਮਿੰਟ ਬਾਅਦ 09:22 ਵਜੇ, 34,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਇਹ ਜਹਾਜ਼ ਰਾਡਾਰ ‘ਤੇ ਬਹੁਤ ਤੇਜ਼ੀ ਨਾਲ ਹੇਠਾਂ ਵੱਲ ਡਿੱਗਦਾ ਦੇਖਿਆ ਗਿਆ ਅਤੇ ਕਰਾਚੀ ਤੋਂ 155 ਨੌਟੀਕਲ ਮੀਲ ਪੱਛਮ ਵਿੱਚ ਇਸ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਰਿਪੋਰਟ ਮੁਤਾਬਕ, ਇਹ ਜਹਾਜ਼ ਕਿਸੇ ਤਕਨੀਕੀ ਖ਼ਰਾਬੀ ਕਾਰਨ ਕਰੀਬ 10 ਦਿਨਾਂ ਤੱਕ ਸ਼ਾਰਜਾਹ ਵਿੱਚ ਹੀ ਖੜ੍ਹਾ ਰਿਹਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਦੂਜੇ ਪਾਸੇ, ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕ੍ਰੂ ਮੈਂਬਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

