Punjab Police SHO gets censured on complaint from US Attorney General! Strict action taken
ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ ‘ਤੇ ਪੰਜਾਬ ਪੁਲਸ ਦੇ SHO ‘ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ
ਹੁਸ਼ਿਆਰਪੁਰ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ ‘ਤੇ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਅਮਰੀਕਾ ਦੇ ਅਟਾਰਨੀ ਜਨਰਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਸੀ ਕਿ ਐੱਸ. ਐੱਚ. ਓ. ਨੇ 4 ਲੱਖ ਡਾਲਰ ਦੀ ਨਾਜਾਇਜ਼ ਮੰਗ ਕੀਤੀ ਹੈ। ਇਸ ਤੋਂ ਬਾਅਦ ਡੀ. ਆਈ. ਜੀ. ਇੰਟੈਲੀਜੈਂਸ ਦੀ ਸਿਫ਼ਾਰਸ਼ ‘ਤੇ ਐੱਸ. ਐੱਚ. ਓ. ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਨਾਗਰਾ ਲਾਈਨ ਹਾਜ਼ਰ ਰਹਿਣਗੇ। ਜਾਣਕਾਰੀ ਮੁਤਾਬਕ ਕੁਝ ਮਹੀਨੇ ਪਹਿਲਾਂ ਟਾਂਡਾ ਦੇ ਪਿੰਡ ਮਿਆਨੀ ਵਿਚ ਬਲਵਿੰਦਰ ਸਿੰਘ ਸਤ ਕਰਤਾਰ ਦਾ ਕਤਲ ਕਰ ਦਿੱਤਾ ਗਿਆ ਸੀ। ਬਲਵਿੰਦਰ ਦੇ ਪਰਿਵਾਰ ਦਾ ਦੋਸ਼ ਸੀ ਕਿ ਕਤਲ ਦੀ ਵਾਰਦਾਤ ਨੂੰ ਬਲਵਿੰਦਰ ਦੀ ਧੀ ਦੇ ਸਹੁਰੇ ਪਰਿਵਾਰ ਨੇ ਅੰਜਾਮ ਦਿੱਤਾ ਹੈ। ਬਲਵਿੰਦਰ ਦੀ ਧੀ ਦਾ ਵਿਆਹ ਅਮਰੀਕਾ ਵਿਚ ਹੋਇਆ ਸੀ। ਕੁਝ ਸਮੇਂ ਬਾਅਦ ਉਸ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਤਲ ਦੇ ਮਾਮਲੇ ਵਿਚ ਐੱਸ. ਐੱਚ. ਓ. ਅਮਰੀਕਾ ਵਿਚ ਰਹਿੰਦੇ ਪਰਿਵਾਰ ਨੂੰ ਫ਼ੋਨ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਪੈਸੇ ਨਾ ਦੇਣ ‘ਤੇ ਕਤਲ ਕੇਸ ਵਿਚ ਫਸਾਉਣ ਦੀ ਧਮਕੀ ਦੇ ਰਿਹਾ ਸੀ। ਇਸ ਦੀ ਸ਼ਿਕਾਇਤ ਪਰਿਵਾਰ ਨੇ ਅਮਰੀਕਾ ਦੀ ਐੱਫ਼. ਬੀ. ਆਈ. ਕੋਲ ਕੀਤੀ। ਅਧਿਕਾਰੀਆਂ ਨੇ ਜਦੋਂ ਤਫ਼ਤੀਸ਼ ਕੀਤੀ ਤਾਂ ਪਾਇਆ ਕਿ ਐੱਸ. ਐੱਚ. ਓ. ਨੇ ਅਮਰੀਕਾ ਰਹਿੰਦੇ ਪਰਿਵਾਰ ਨਾਲ ਕਈ ਵਾਰ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਦੂਜੇ ਪਾਸੇ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਦੇ ਨਾਂ ‘ਤੇ ਵੀਡੀਓ ਵਾਇਰਲ ਹੋ ਰਹੀ ਹੈ। ਏਜੰਸੀ ਨਾਲ ਗੱਲ ਕਰਨ ਤੋਂ ਬਾਅਦ ਹੀ ਉਹ ਕੁਝ ਕਹਿ ਸਕਣਗੇ। ਉਨ੍ਹਾਂ ਦੇ ਕਿਸੇ ਵੀ ਖਾਤੇ ਵਿਚ ਕੋਈ ਪੈਸਾ ਨਹੀਂ ਆਇਆ। ਸਾਰੇ ਦੋਸ਼ ਬੇਬੁਨਿਆਦ ਹਨ।

