Prince Harry makes a surprise visit to Ukraine; praises the spirit of wounded Ukrainian soldiers
ਅਚਾਨਕ ਯੂਕ੍ਰੇਨ ਪਹੁੰਚੇ ਪ੍ਰਿੰਸ ਹੈਰੀ, ਜ਼ਖਮੀ ਯੂਕਰੇਨੀ ਸੈਨਿਕਾਂ ਦੇ ਜਜ਼ਬੇ ਦੀ ਕੀਤੀ ਤਾਰੀਫ਼
ਲੀਵ (ਯੂਕਰੇਨ) (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ਦੇ ਪ੍ਰਿੰਸ ਹੈਰੀ ਐਤਵਾਰ ਨੂੰ ਯੂਕਰੇਨ ਪਹੁੰਚੇ ਅਤੇ ਉਨ੍ਹਾਂ ਨੇ ਜ਼ਖਮੀ ਯੂਕਰੇਨੀ ਸਾਬਕਾ ਸੈਨਿਕਾਂ ਦੀ ਪ੍ਰਸ਼ੰਸਾ ਕੀਤੀ ਅਚੇ ਉਨ੍ਹਾਂ ਨੂੰ ਸਮਾਜ ਲਈ ਰੋਲ ਮਾਡਲ ਦੱਸਿਆ। ਨਾਲ ਹੀ ਕਿਹਾ ਕਿ ਕੀਵ ਨੂੰ ਉਨ੍ਹਾਂ ਦਾ ਸਮਰਥਨ ਜਾਰੀ ਰੱਖਣਾ ਚਾਹੀਦਾ ਹੈ। ਹੈਰੀ ਨੇ ਯੁੱਧ ਪ੍ਰਭਾਵਿਤ ਯੂਕਰੇਨ ਦੀ ਆਪਣੀ ਅਣਐਲਾਨੀ ਵੀਕਐਂਡ ਫੇਰੀ ਸਮਾਪਤ ਕੀਤੀ। ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਹੈਰੀ ਦੀ ਯੂਕਰੇਨ ਦੀ ਚੌਥੀ ਯਾਤਰਾ ਸੀ। ਉਨ੍ਹਾਂ ਦੀ ਦੂਜੀ ਫੇਰੀ ਪੱਛਮੀ ਸ਼ਹਿਰ ਲੀਵ ਦੀ ਸੀ। ਉਨ੍ਹਾਂ ਨੇ ਲੀਵ ਵਿੱਚ ਸੁਪਰਹਿਊਮਨ ਸੈਂਟਰ ਵਿਖੇ ਮਰੀਜ਼ਾਂ ਅਤੇ ਸਟਾਫ ਨਾਲ ਮੁਲਾਕਾਤ ਕੀਤੀ, ਜੋ ਕਿ ਇੱਕ ਆਰਥੋਪੀਡਿਕ ਅਤੇ ਪੁਨਰਵਾਸ ਕੇਂਦਰ ਹੈ ਜੋ ਜ਼ਖਮੀ ਫੌਜੀ ਕਰਮਚਾਰੀਆਂ ਅਤੇ ਨਾਗਰਿਕਾਂ ਦਾ ਇਲਾਜ ਕਰਦਾ ਹੈ। ਹੈਰੀ ਨੇ ਇਨਵਿਕਟਸ ਖੇਡਾਂ ਲਈ ਚੋਣ ਟਰਾਇਲਾਂ ਦੌਰਾਨ ਕਿਹਾ,”ਅਸੀਂ ਇਨ੍ਹਾਂ ਸੈਨਿਕਾਂ ਵਿੱਚ ਉਨ੍ਹਾਂ ਦੇ ਵਰਦੀਆਂ ਪਾਉਣ ਤੋਂ ਪਹਿਲਾਂ ਹੀ ਨਿਵੇਸ਼ ਕੀਤਾ ਅਤੇ ਸਾਨੂੰ ਉਨ੍ਹਾਂ ਦੇ ਵਰਦੀ ਉਤਾਰਨ ਤੋਂ ਬਾਅਦ ਵੀ ਉਨ੍ਹਾਂ ਦਾ ਸਮਰਥਨ ਅਤੇ ਨਿਵੇਸ਼ ਕਰਨਾ ਜਾਰੀ ਰੱਖਣਾ ਚਾਹੀਦਾ ਹੈ।” ਇਨਵਿਕਟਸ ਖੇਡਾਂ’ ਜੋ ਕਿ ਪੈਰਾਲੰਪਿਕ ਖੇਡਾਂ ਦੇ ਮਾਡਲ ਤੋਂ ਤਿਆਰ ਕੀਤਾ ਗਿਆ ਇੱਕ ਖੇਡ ਸਮਾਗਮ ਹੈ। ਹੈਰੀ ਨੇ ਇਸਦੀ ਸ਼ੁਰੂਆਤ ਦੁਨੀਆ ਭਰ ਦੇ ਸਾਬਕਾ ਸੈਨਿਕਾਂ ਨੂੰ ਜੰਗ ਦੀਆਂ ਸੱਟਾਂ ਨੂੰ ਦੂਰ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ। ਹੈਰੀ, ਜੋ ਕਿ ਅਫਗਾਨਿਸਤਾਨ ਵਿੱਚ ਸੇਵਾ ਨਿਭਾ ਚੁੱਕੇ ਬ੍ਰਿਟਿਸ਼ ਫੌਜ ਦੇ ਸਾਬਕਾ ਸਿਪਾਹੀ ਸਨ, ਨੇ ਸ਼ਨੀਵਾਰ ਨੂੰ ਵ੍ਹੀਲਚੇਅਰ ਨਾਲ ਜੁੜੇ ਖਿਡਾਰੀਆਂ ਵਿਚਕਾਰ ਇੱਕ ਰਗਬੀ ਮੈਚ ਦੇਖਿਆ। ਉਸਨੇ ਪਿਕਲਬਾਲ ਖਿਡਾਰੀਆਂ ਨੂੰ ਵੀ ਦੇਖਿਆ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਸਥੈਟਿਕ ਅੰਗਾਂ ਦੀ ਵਰਤੋਂ ਕਰਦੇ ਹਨ। ਇਹ ਖਿਡਾਰੀ ਅਗਲੇ ਸਾਲ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਣ ਵਾਲੀਆਂ ਇਨਵਿਕਟਸ ਖੇਡਾਂ ਵਿੱਚ ਯੂਕਰੇਨ ਦੀ ਨੁਮਾਇੰਦਗੀ ਕਰਨ ਲਈ ਮੁਕਾਬਲਾ ਕਰ ਰਹੇ ਸਨ। ਸਸੇਕਸ ਦੇ ਡਿਊਕ ਹੈਰੀ ਨੇ ਯੂਕਰੇਨੀ ਲੋਕਾਂ ਦੇ ਲਚਕੀਲੇਪਣ ਅਤੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਦੀ ਉਨ੍ਹਾਂ ਦੀ ਯੋਗਤਾ ਦੀ ਪ੍ਰਸ਼ੰਸਾ ਕੀਤੀ। ਉਸਨੇ ਉਮੀਦ ਪ੍ਰਗਟ ਕੀਤੀ ਕਿ ਯੁੱਧ ਜਲਦੀ ਹੀ ਖਤਮ ਹੋ ਜਾਵੇਗਾ। ਉਸਨੇ ਕਿਹਾ, “ਬਾਕੀ ਦੁਨੀਆ ਤੁਹਾਡਾ ਸਮਰਥਨ ਕਰਦੀ ਰਹੇਗੀ। ਮੇਰੇ ਵਿਚਾਰ ਵਿੱਚ, ਤੁਸੀਂ ਪਹਿਲਾਂ ਹੀ ਜਿੱਤ ਚੁੱਕੇ ਹੋ।”

