Railways’ big action: 24,434 ticketless passengers fined Rs 2.17 crore in August
ਰੇਲਵੇ ਦਾ ਵੱਡਾ ਐਕਸ਼ਨ: ਅਗਸਤ ਮਹੀਨੇ ‘ਚ 24,434 ਬਿਨਾਂ ਟਿਕਟ ਯਾਤਰੀਆਂ ਨੂੰ ਲੱਗਾ 2.17 ਕਰੋੜ ਦਾ ਜੁਰਮਾਨਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਮੰਡਲ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਟ੍ਰੇਨਾਂ ਵਿਚ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਟਿਕਟ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਵਿਚ ਅਗਸਤ ਮਹੀਨੇ ਦੌਰਾਨ ਮੰਡਲ ਵਿਚ ਚਲਾਈ ਗਈ ਟਿਕਟ ਚੈਕਿੰਗ ਮੁਹਿੰਮ ਵਿਚ 24,434 ਯਾਤਰੀ ਬਿਨਾਂ ਟਿਕਟ ਤੇ ਅਨਿਯਮਿਤ ਯਾਤਰਾ ਕਰਦੇ ਪਾਏ ਗਏ। ਇਨ੍ਹਾਂ ਯਾਤਰੀਆਂ ਤੋਂ ਜੁਰਮਾਨੇ ਵਜੋਂ 2.17 ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਵਸੂਲਿਆ ਗਿਆ। ਰੇਲਵੇ ਅਧਿਕਾਰੀਆਂ ਅਨੁਸਾਰ ਟਿਕਟ ਚੈਕਿੰਗ ਮੁਹਿੰਮ ਦਾ ਮੁੱਖ ਉਦੇਸ਼ ਬਿਨਾਂ ਟਿਕਟ ਅਤੇ ਅਣਅਧਿਕਾਰਕ ਯਾਤਰਾ ’ਤੇ ਰੋਕ ਲਗਾਉਣਾ ਹੈ। ਇਸ ਦੇ ਨਾਲ ਹੀ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਟਿਕਟ ਲੈ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਟ੍ਰੇਨਾਂ ਵਿਚ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਮੰਡਲ ਦੇ ਵੱਖ-ਵੱਖ ਮਾਰਗਾਂ ’ਤੇ ਟ੍ਰੇਨਾਂ ਵਿਚ ਟਿਕਟ ਚੈਕਿੰਗ ਸਟਾਫ ਵੱਲੋਂ ਨਿਯਮਿਤ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਬੁੱਧਵਾਰ ਸਵੇਰ ਤੋਂ ਰਾਤ ਤਕ ਵੱਖ-ਵੱਖ ਟ੍ਰੇਨਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਤਹਿਤ ਨਿਯਮਾਂ ਦੇ ਉਲਟ ਯਾਤਰਾ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਸਾਫ-ਸੁਥਰਾ ਰੱਖਣ ਲਈ ਸਟੇਸ਼ਨ ਕੰਪਲੈਕਸਾਂ ਵਿਚ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਗੰਦਗੀ ਫੈਲਾਉਣ ਵਾਲੇ ਯਾਤਰੀਆਂ ਖ਼ਿਲਾਫ਼ ਐਂਟੀ-ਲਿਟਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਅਗਸਤ ਮਹੀਨੇ ਵਿਚ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਦੇ ਮਾਮਲੇ ਵਿਚ 166 ਯਾਤਰੀਆਂ ’ਤੇ ਕਾਰਵਾਈ ਕੀਤੀ ਗਈ ਅਤੇ 69 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਵਸੂਲ ਕੀਤਾ ਗਿਆ। ਰੇਲਵੇ ਵੱਲੋਂ ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿਚ ਸਾਫ-ਸਫਾਈ ਬਣਾਈ ਰੱਖਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

