Rs 25 lakh swindled by luring with the promise of providing US dollars at a low rate
ਅਮਰੀਕੀ ਡਾਲਰ ਸਸਤੇ ‘ਚ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 25 ਲੱਖ ਰੁਪਏ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਪੁਲਸ ਨੇ ਅਮਰੀਕੀ ਡਾਲਰ ਘੱਟ ਦਰ ‘ਤੇ ਉਪਲਬਧ ਕਰਵਾਉਣ ਦਾ ਝਾਂਸਾ ਦੇ ਕੇ ਲਗਭਗ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ 32 ਸਾਲਾ ਵਿਅਕਤੀ ਨੂੰ ਗੁਜਰਾਤ ਦੇ ਸੂਰਤ ਤੋਂ ਗ੍ਰਿਫ਼ਤਾਰ ਕੀਤਾ ਹੈ। ਨਵੀਂ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਸਚਿਨ ਸ਼ਰਮਾ ਅਨੁਸਾਰ, 21 ਸਤੰਬਰ ਨੂੰ ਤਿਲਕ ਮਾਰਗ ਥਾਣੇ ਵਿੱਚ ਸ਼ਿਕਾਇਤਕਰਤਾ ਵਸੰਤ ਪੰਚਾਲ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦੇ ਸੰਪਰਕ ਵਿੱਚ ਇੱਕ ਵਿਅਕਤੀ ਆਇਆ, ਜਿਸ ਨੇ ਆਪਣਾ ਨਾਂ ‘ਚਿਰਾਗ ਪਟੇਲ’ ਦੱਸਿਆ ਸੀ ਅਤੇ ਅਮਰੀਕੀ ਦੂਤਾਵਾਸ ਅਤੇ ਜੇ.ਐੱਲ.ਐੱਲ. (JLL) ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਹੋਣ ਦਾ ਦਾਅਵਾ ਕੀਤਾ ਸੀ। ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਘੱਟ ਦਰ ‘ਤੇ ਅਮਰੀਕੀ ਡਾਲਰ ਦਿਵਾਉਣ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੱਧ ਦਰ ‘ਤੇ ਬਦਲ ਕੇ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ। ਦੂਤਾਵਾਸ ਦੇ ਕਿਸੇ ਵਿਅਕਤੀ ਨਾਲ ਮੁਲਾਕਾਤ ਕਰਵਾਉਣ ਅਤੇ ਰੁਪਏ ਨੂੰ ਅਮਰੀਕੀ ਡਾਲਰਾਂ ਵਿੱਚ ਬਦਲਣ ਦੇ ਬਹਾਨੇ ਸ਼ਿਕਾਇਤਕਰਤਾ ਕੋਲੋਂ ਲਗਭਗ 25 ਲੱਖ ਰੁਪਏ ਨਕਦ ਲਏ ਗਏ ਸਨ। ਜਾਂਚ ਦੌਰਾਨ ਪੁਲਸ ਨੇ ਤਕਨੀਕੀ ਨਿਗਰਾਨੀ ਅਤੇ ਸੀ.ਸੀ.ਟੀ.ਵੀ. ਫੁੱਟੇਜ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਕੀਤੀ ਅਤੇ ਉਸ ਨੂੰ ਸੂਰਤ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਅਸਲ ਪਛਾਣ ਫ਼ੇਰਿਨ ਹਰਸ਼ਦਰਾਏ ਪਟੇਲ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀ ਕੋਲੋਂ ਠੱਗੀ ਦੀ ਰਕਮ ਦਾ ਕੁਝ ਹਿੱਸਾ, ਠੱਗੀ ਦੇ ਪੈਸਿਆਂ ਨਾਲ ਖਰੀਦਿਆ ਗਿਆ ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਪਹਿਨੇ ਗਏ ਕੱਪੜੇ ਬਰਾਮਦ ਕੀਤੇ ਹਨ। ਡੀ.ਸੀ.ਪੀ. ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਦਿੱਲੀ, ਮੁੰਬਈ ਅਤੇ ਸੂਰਤ ਵਿੱਚ ਠੱਗੀ ਦੇ ਅਜਿਹੇ 6 ਮਾਮਲੇ ਪਹਿਲਾਂ ਹੀ ਦਰਜ ਹਨ। ਪੁਲਸ ਵੱਲੋਂ ਠੱਗੀ ਦੀ ਬਾਕੀ ਰਕਮ ਬਰਾਮਦ ਕਰਨ ਅਤੇ ਮਾਮਲੇ ਵਿੱਚ ਸ਼ਾਮਲ ਹੋਰਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

