Russia-Ukraine war intensifies: Missile-drone attack on Kiev, 11 injured, Ukraine targets Russian planes
ਰੂਸ-ਯੂਕ੍ਰੇਨ ਜੰਗ ਤੇਜ਼ : ਕੀਵ ’ਤੇ ਮਿਜ਼ਾਈਲ-ਡਰੋਨ ਹਮਲਾ, 11 ਜ਼ਖ਼ਮੀ, ਯੂਕ੍ਰੇਨ ਨੇ ਰੂਸੀ ਜਹਾਜ਼ਾਂ ਨੂੰ ਬਣਾਇਆ ਨਿਸ਼ਾਨਾ
ਕੀਵ, (ਆਵਾਜ਼ਿ ਕੌਮ ਬਿਊਰੋ)-ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਇਕ ਵਾਰ ਮੁੜ ਤੇਜ਼ ਹੋ ਗਈ ਹੈ। ਸ਼ੁੱਕਰਵਾਰ ਦੇਰ ਰਾਤ ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿਚ ਇਕ ਬੱਚੇ ਸਮੇਤ 11 ਲੋਕ ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ’ਚ ਯੂਕ੍ਰੇਨ ਨੇ ਅਜ਼ੋਵ ਸਾਗਰ ਵਿਚ ਰੂਸੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਯੂਕ੍ਰੇਨ ਦੀ ਸੂਬਾ ਐਮਰਜੈਂਸੀ ਸੇਵਾ ਅਨੁਸਾਰ ਰੂਸੀ ਹਮਲੇ ਤੋਂ ਬਾਅਦ ਕੀਵ ਦੇ ਸੋਲੋਮਿਆਂਸਕੀ, ਦਾਰਨਿਤਸਕੀ ਤੇ ਦਨੀਪ੍ਰੋਵਸਕੀ ਜ਼ਿਲਿਆਂ ਵਿਚ ਕਈ ਧਮਾਕੇ ਹੋਏ, ਜਿਸ ਨਾਲ ਦਫ਼ਤਰਾਂ, ਗੋਦਾਮਾਂ ਅਤੇ ਹੋਰ ਇਮਾਰਤਾਂ ਵਿਚ ਅੱਗ ਲੱਗ ਗਈ। ਸੋਲੋਮਿਆਂਸਕੀ ਜ਼ਿਲੇ ਵਿਚ ਮਿਜ਼ਾਈਲ ਹਮਲੇ ਕਾਰਨ 3 ਮੰਜ਼ਿਲਾ ਦਫ਼ਤਰ ਤੇ ਗੋਦਾਮ ਵਿਚ ਭਿਆਨਕ ਅੱਗ ਭੜਕ ਉੱਠੀ। ਯੂਕ੍ਰੇਨ ਦੇ ਜਨਰਲ ਸਟਾਫ਼ ਨੇ ਦਾਅਵਾ ਕੀਤਾ ਕਿ ਉਸ ਦੇ ਹਮਲੇ ਵਿਚ 21 ਰੂਸੀ ਤੇਲ ਤੇ ਪੈਟਰੋਲੀਅਮ ਟੈਂਕਰ, 4 ਟੱਗਬੋਟ, 2 ਮਾਲਵਾਹਕ ਜਹਾਜ਼ ਅਤੇ ਗਾਰ ਕੱਢਣ ਵਾਲਾ ਇਕ ਜਹਾਜ਼ ਨੁਕਸਾਨਿਆ ਗਿਆ। ਯੂਕ੍ਰੇਨ ਦਾ ਕਹਿਣਾ ਹੈ ਕਿ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਰੂਸੀ ਫ਼ੌਜ ਦੀ ਰਸਦ ਅਤੇ ਫ਼ੌਜੀ ਸਪਲਾਈ ਲਈ ਕੀਤੀ ਜਾ ਰਹੀ ਸੀ। ਹਾਲਾਂਕਿ ਰੂਸ ਨੇ ਯੂਕ੍ਰੇਨ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਿਰਫ਼ 4 ਜਹਾਜ਼ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਰੂਸੀ ਅਧਿਕਾਰੀਆਂ ਅਨੁਸਾਰ ਡਰੋਨ ਹਮਲੇ ਵਿਚ ਤਕਨੀਕੀ ਸਹਾਇਤਾ ਦੇਣ ਵਾਲੇ ਇਕ ਜਹਾਜ਼ ਦਾ ਮਲਾਹ ਮਾਰਿਆ ਗਿਆ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਰੂਸ ਨੇ ਰਾਤ ਭਰ 12 ਮਿਜ਼ਾਈਲਾਂ, ਜਿਨ੍ਹਾਂ ਵਿਚ 6 ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਸਨ ਅਤੇ 121 ਡਰੋਨ ਦਾਗੇ। ਉਨ੍ਹਾਂ ਕਿਹਾ ਕਿ ਯੂਕ੍ਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ ਜ਼ਿਆਦਾਤਰ ਡਰੋਨਾਂ ਤੇ ਕੁਝ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਪਰ ਇਕ ਵੀ ਬੈਲਿਸਟਿਕ ਮਿਜ਼ਾਈਲ ਨੂੰ ਰੋਕਣ ਵਿਚ ਸਫ਼ਲਤਾ ਨਹੀਂ ਮਿਲੀ, ਜਿਸ ਨਾਲ ਦੇਸ਼ ਦੀ ਹਵਾਈ ਸੁਰੱਖਿਆ ਪ੍ਰਣਾਲੀ ਦੀਆਂ ਕਮੀਆਂ ਇਕ ਵਾਰ ਫਿਰ ਉਜਾਗਰ ਹੋਈਆਂ। ਯੂਕ੍ਰੇਨ ਦੀ ਹਵਾਈ ਫ਼ੌਜ ਅਨੁਸਾਰ ਉਸ ਨੇ 2 ਮਿਜ਼ਾਈਲਾਂ ਤੇ 111 ਡਰੋਨਾਂ ਨੂੰ ਡੇਗਿਆ ਜਾਂ ਨਾਕਾਮ ਕਰ ਦਿੱਤਾ। ਲਗਾਤਾਰ ਵਧਦੇ ਹਮਲਿਆਂ ਦਰਮਿਆਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਡੂੰਘਾ ਹੋ ਗਿਆ ਹੈ।

