Shooting at Toronto street festival leaves 2 dead, several injured
ਟੋਰਾਂਟੋ ਦੇ ਸਟ੍ਰੀਟ ਫੈਸਟੀਵਲ ‘ਚ ਹੋ ਗਈ ਤਾਬੜਤੋੜ ਫ਼ਾਇਰਿੰਗ ! 2 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ
Toranto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਟੋਰਾਂਟੋ ਸ਼ਹਿਰ ‘ਚ ਚੱਲ ਰਹੇ ਮਸ਼ਹੂਰ ਸਾਲਾਨਾ ਸਟ੍ਰੀਟ ਫੈਸਟੀਵਲ ‘ਸਾਲਸਾ ਆਨ ਸੇਂਟ ਕਲੇਅਰ’ ਦੌਰਾਨ ਸ਼ਨੀਵਾਰ ਰਾਤ ਨੂੰ ਅੰਨ੍ਹੇਵਾਹ ਫਾਇਰਿੰਗ ਹੋ ਗਈ, ਜਿਸ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਕਈ ਲੋਕ ਗੰਭੀਰ ਰੂਪ ‘1ਚ ਜ਼ਖਮੀ ਵੀ ਦੱਸੇ ਜਾ ਰਹੇ ਹਨ। ਇਸ ਫਾਇਰਿੰਗ ਮਗਰੋਂ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਕ ਇਹ ਫਾਇਰਿੰਗ ਫੈਸਟੀਵਲ ਦੀ ਮੇਨ ਸਟੇਜ ਦੇ ਬਿਲਕੁਲ ਨੇੜੇ ਹੋਈ, ਜਿੱਥੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ ‘ਚ ਭਾਜੜ ਮਚ ਗਈ। ਲੋਕ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ ਤੇ ਨੇੜਲੇ ਰੈਸਟੋਰੈਂਟਾਂ ‘ਚ ਜਾ ਕੇ ਲੁਕ ਗਏ। ਟੋਰਾਂਟੋ ਪੁਲਸ ਅਤੇ ਪੈਰਾਮੈਡਿਕਸ ਨੇ ਦੱਸਿਆ ਕਿ ਇਸ ਫਾਇਰਿੰਗ ਦੌਰਾਨ 6 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਹੈ, ਜਦਕਿ ਇੱਕ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਪੁਲਸ ਮੁਤਾਬਕ ਹਮਲਾਵਰ ਫਿਲਹਾਲ ਫਰਾਰ ਹੈ ਅਤੇ ਇਸ ਮਾਮਲੇ ‘ਚ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਮ ਜਨਤਾ ਨੂੰ ਸੇਂਟ ਕਲੇਅਰ ਐਵੇਨਿਊ ਵੈਸਟ ਅਤੇ ਆਰਲਿੰਗਟਨ ਐਵੇਨਿਊ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।

