Sri Lanka: Bloody clash between prisoners in jail; 19 dead, 72 injured
ਸ਼੍ਰੀਲੰਕਾ : ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ; 19 ਦੀ ਮੌਤ, 72 ਜ਼ਖਮੀ
ਕੋਲੰਬੋ (ਆਵਾਜ਼ਿ ਕੌਮ ਬਿਊਰੋ)-ਸ਼੍ਰੀਲੰਕਾ ਦੇ ਪੱਛਮੀ ਤੱਟੀ ਸ਼ਹਿਰ ਨੇਗੰਬੋ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਈ ਭਿਆਨਕ ਝੜਪ ਹੋਈ। ਇਸ ਝੜਪ ਕਾਰਨ ਮਰਨ ਵਾਲਿਆਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਖੂਨੀ ਸੰਘਰਸ਼ ਵਿੱਚ 72 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਿੰਸਾ ਜੇਲ੍ਹ ਦੇ ਅੰਦਰ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੇ ਇੱਕ ਗੁੱਟ ਅਤੇ ਇਸ ਦਾ ਵਿਰੋਧ ਕਰਨ ਵਾਲੇ ਦੂਜੇ ਗੁੱਟ ਵਿਚਾਲੇ ਹੋਈ। ਐਤਵਾਰ ਨੂੰ ਸ਼ੁਰੂ ਹੋਈ ਇਹ ਝੜਪ ਸੋਮਵਾਰ ਨੂੰ ਉਦੋਂ ਹੋਰ ਭਿਆਨਕ ਹੋ ਗਈ, ਜਦੋਂ ਕੈਦੀਆਂ ਨੇ ਜੇਲ੍ਹ ਦੇ ਹਥਿਆਰ ਖੋਹ ਲਏ। ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਦੰਗਾ ਵਿਰੋਧੀ ਦਸਤਿਆਂ ਨੂੰ ਤੈਨਾਤ ਕੀਤਾ ਗਿਆ ਹੈ। ਜੇਲ੍ਹ ਵਿਭਾਗ ਦੇ ਬੁਲਾਰੇ ਏ.ਸੀ. ਗਜਨਾਇਕ ਨੇ ਦੱਸਿਆ ਕਿ ਜੇਲ੍ਹ ਕਮਿਸ਼ਨਰ ਜਨਰਲ ਦੇ ਨਿਰਦੇਸ਼ਾਂ ‘ਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਅਤੇ ਮੈਜਿਸਟਰੇਟ ਵੱਲੋਂ ਵੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀਲੰਕਾ ਦੇ ਨਿਆਂ ਮੰਤਰੀ ਹਰਸ਼ਨਾ ਨਾਨਾਯਾਕਾਰਾ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੂਰੇ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ। ਵਿਵਸਥਾ ਬਣਾਈ ਰੱਖਣ ਲਈ ਤਿੰਨ ਕੈਦੀਆਂ ਨੂੰ ਪਲਾਨਸੇਨਾ ਜੇਲ੍ਹ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਨੇਗੰਬੋ ਹਸਪਤਾਲ ਦੀ ਡਾਇਰੈਕਟਰ ਪੁਸ਼ਪਾ ਗਮਲਾਥ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ।

