Trump’s anger erupts after election defeat; issues ‘veto’ warning
ਚੋਣਾਂ ‘ਚ ਹਾਰ ਮਗਰੋਂ ਫੁੱਟਿਆ ਟਰੰਪ ਦਾ ਗੁੱਸਾ, ਦੇ’ਤੀ ‘ਵੀਟੋ’ ਚੇਤਾਵਨੀ
ਵਾਸ਼ਿੰਗਟਨ ਡੀ.ਸੀ. (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਮਿਡਟਰਮ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ—ਪ੍ਰਤੀਨਿਧੀ ਸਭਾ ਅਤੇ ਸੀਨੇਟ ‘ਤੇ ਜਿੱਤ ਦਰਜ ਕਰ ਲਈ ਹੈ। ਇਸ ਜਿੱਤ ਮਗਰੋਂ ਅਮਰੀਕੀ ਰਾਜਨੀਤਿਕ ਗਲਿਆਰਿਆਂ ਵਿੱਚ ‘ਵੀਟੋ’ (Veto) ਸ਼ਬਦ ਛਾਇਆ ਹੋਇਆ ਹੈ । ਚੋਣ ਨਤੀਜਿਆਂ ਵਿੱਚ ਡੈਮੋਕ੍ਰੇਟਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਘਟਦੀ ਲੋਕਪ੍ਰਿਅਤਾ ਦਾ ਲਾਹਾ ਲੈਂਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਦੇ ਬਾਕੀ ਰਹਿੰਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ‘ਤੇ ਲਗਾਮ ਕੱਸਣ ਦੀ ਸ਼ਕਤੀ ਮਿਲ ਗਈ ਹੈ। ਚੋਣਾਂ ਵਿੱਚ ਹੋਏ ਨੁਕਸਾਨ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਨੇ ਸਖ਼ਤ ਰੁੱਖ ਦਿਖਾਇਆ ਹੈ। ਟਰੰਪ ਨੇ ਸੋਸ਼ਲ ਮੀਡੀਆ ‘ਤੇ ‘Veto’ ਲਿਖੀ ਹੋਈ ਲਾਲ ‘ਮਾਗਾ’ (MAGA) ਕੈਪ ਦੀ ਤਸਵੀਰ ਪੋਸਟ ਕੀਤੀ। ‘ਫੌਕਸ ਨਿਊਜ਼’ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇੱਕ ਰਾਸ਼ਟਰਪਤੀ ਕੋਲ ਵੀਟੋ ਦੀ ਸਭ ਤੋਂ ਮਜ਼ਬੂਤ ਤਾਕਤ ਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਡੈਮੋਕ੍ਰੇਟਸ ਅਜਿਹੇ ਪ੍ਰਸਤਾਵ ਭੇਜਣਗੇ ਜੋ ਬੇਤੁਕੇ ਹੋਣਗੇ, ਤਾਂ ਉਹ ਉਨ੍ਹਾਂ ‘ਤੇ ਵੀਟੋ ਦੀ ਵਰਤੋਂ ਕਰਨਗੇ। ਚੋਣ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦੇ ਕਾਰਨਾਂ ‘ਤੇ ਇੱਕ ਸਿਆਸੀ ਵਿਸ਼ਲੇਸ਼ਕ ਵਾਂਗ ਚਰਚਾ ਕਰਨਗੇ। ਦੂਜੇ ਪਾਸੇ ‘ਨਿਊਯਾਰਕ ਟਾਈਮਜ਼’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ ਮਿਡਟਰਮ ਚੋਣਾਂ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਨ ਅਤੇ ਮਿਲ ਕੇ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰਨਗੇ। ਚੋਣ ਨਤੀਜਿਆਂ ‘ਤੇ ਆਪਣੀ ਪਹਿਲੀ ਟਿੱਪਣੀ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਉਹ ਚੋਣ ਮੈਦਾਨ ਵਿੱਚ ਹੁੰਦੇ, ਤਾਂ ਨਤੀਜੇ ਬਿਲਕੁਲ ਵੱਖਰੇ ਹੁੰਦੇ। ਆਪਣੀ “ਟਰੂਥ ਸੋਸ਼ਲ” ਪੋਸਟ ਵਿੱਚ ਟਰੰਪ ਨੇ ਕਿਹਾ ਕਿ ਉਹ ਖੁਦ ਅੱਜ ਰਾਤ ਚੋਣ ਮੈਦਾਨ ਵਿੱਚ ਨਹੀਂ ਸਨ। “ਜੇ ਮੈਂ ਉੱਥੇ ਹੁੰਦਾ, ਤਾਂ ਅਸੀਂ ਭਾਰੀ ਜਿੱਤ ਪ੍ਰਾਪਤ ਕਰਦੇ।” ਇਹ ਪੋਸਟ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਤੋਂ ਬਾਅਦ ਆਈ ਹੈ। ਇਸ ਵਿੱਚ ਉਨ੍ਹਾਂ ਨੇ ਹਾਰ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਰਿਪਬਲਿਕਨ ਉਮੀਦਵਾਰਾਂ ‘ਤੇ ਦੋਸ਼ ਲਗਾਇਆ।

