3 shooters arrested for firing in Guru Nanak Nagar; an accomplice based in America had orchestrated the shooting
ਗੁਰੂ ਨਾਨਕ ਨਗਰ ’ਚ ਫਾਇਰਿੰਗ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਅਮਰੀਕਾ ਬੈਠੇ ਸਾਥੀ ਨੇ ਚਲਵਾਈਆਂ ਸਨ ਗੋਲੀਆਂ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਬੀਤੀ 4 ਨਵੰਬਰ ਦੀ ਰਾਤ ਨੂੰ ਨਾਗਰਾ ਰੋਡ ’ਤੇ ਸਥਿਤ ਗੁਰੂ ਨਾਨਕ ਨਗਰ ਵਿਚ ਸਾਹਿਲ ਨਾਂ ਦੇ ਨੌਜਵਾਨ ਦੀ ਗੱਡੀ ਅਤੇ ਘਰ ’ਤੇ ਫਾਇਰਿੰਗ ਕਰਨ ਵਾਲੇ ਤਿੰਨਾਂ ਸ਼ੂਟਰਾਂ ਨੂੰ ਕਮਿਸ਼ਨਰੇਟ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਫਾਇਰਿੰਗ ਸਾਹਿਲ ਦੇ ਹੀ ਸਾਥੀ ਸਾਹਿਲ ਕੁਮਾਰ ਵਾਸੀ ਗੜ੍ਹਾ ਨੇ ਚਲਵਾਈ ਸੀ, ਜੋ ਇਸ ਸਮੇਂ ਅਮਰੀਕਾ ਵਿਚ ਰਹਿ ਰਿਹਾ ਹੈ। ਹਾਲਾਂਕਿ ਸਾਹਿਲ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਪਰ ਉਸ ਕੋਲੋਂ ਹੁਣ 50 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ। ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਅਤੇ ਥਾਣਾ ਨੰ. 1 ਦੀ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ ਮਲਟੀਪਲ ਸੋਰਸਿਜ਼ ਤੋਂ ਜਾਂਚ ਕਰਦਿਆਂ ਇਸ ਘਟਨਾ ਤੋਂ ਪਰਦਾ ਉਠਾ ਕੇ ਸੱਚਾਈ ਸਾਹਮਣੇ ਲਿਆਂਦੀ, ਜਿਸ ਤੋਂ ਬਾਅਦ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਹਿਲ ਨੂੰ ਪਤਾ ਸੀ ਕਿ ਉਕਤ ਫਾਇਰਿੰਗ ਅਮਰੀਕਾ ਬੈਠਾ ਸਾਹਿਲ ਕੁਮਾਰ ਕਰਵਾ ਰਿਹਾ ਹੈ, ਪਰ ਉਹ ਪੁਲਸ ਨੂੰ ਗਲਤ ਜਾਣਕਾਰੀ ਦਿੰਦਾ ਰਿਹਾ। ਇਹ ਗੱਲ ਵੀ ਸਾਹਮਣੇ ਆਈ ਕਿ ਫਾਇਰਿੰਗ ਕਰਨ ਵਾਲਿਆਂ ਬਾਰੇ ਸਾਹਿਲ ਨੂੰ ਕੋਈ ਜਾਣਕਾਰੀ ਨਹੀਂ ਸੀ, ਪਰ ਪੁਲਸ ਨੇ ਵਾਰਦਾਤ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਤਿੰਨਾਂ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸ਼ੂਟਰਾਂ ਦੀ ਪਛਾਣ ਜਸ਼ਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਬਾਬਾ ਬਕਾਲਾ ਅੰਮ੍ਰਿਤਸਰ, ਜਗਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੱਬੇਵਾਲੀ ਅੰਮ੍ਰਿਤਸਰ ਅਤੇ ਅਮਰਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਬਾ ਬਕਾਲਾ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਸਰਵਣ ਸਿੰਘ ਪੁੱਤਰ ਰਾਜ ਵਾਸੀ ਪੱਟੀ, ਬਾਬਾ ਬਕਾਲਾ ਵੀ ਮੌਜੂਦ ਸੀ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀ. ਸੀ. ਪੀ. ਨੇ ਕਿਹਾ ਕਿ ਇਸ ਕੇਸ ਵਿਚ ਅਮਰੀਕਾ ਬੈਠੇ ਸਾਹਿਲ ਵਾਸੀ ਗੜ੍ਹਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਹਿਲ ਵਾਸੀ ਗੁਰੂ ਨਾਨਕ ਨਗਰ ਕਤਲ ਦੇ ਕੇਸ ਵਿਚ ਜੇਲ ਵਿਚ ਬੰਦ ਸੀ। ਗੜ੍ਹਾ ਦਾ ਸਾਹਿਲ ਵੀ ਜੇਲ ਵਿਚ ਸੀ, ਜਿਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਚਾਰ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਜੇਲ ਵਿਚ ਦੋਵਾਂ ਦੀ ਦੋਸਤੀ ਹੋ ਗਈ। ਜ਼ਮਾਨਤ ’ਤੇ ਆਉਣ ਦੇ ਬਾਅਦ ਸਾਹਿਲ ਕੁਮਾਰ ਵਾਸੀ ਗੜ੍ਹਾ ਅਮਰੀਕਾ ਭੱਜ ਗਿਆ, ਪਰ ਸਾਹਿਲ ਨਾਲ ਉਸ ਦੀ ਗੱਲ ਹੁੰਦੀ ਸੀ। ਦੋਵੇਂ ਨਸ਼ੇ ਦਾ ਕੰਮ ਕਰਨ ਲੱਗ ਪਏ, ਜਿਸ ਕਾਰਨ ਦੋਵਾਂ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੋਵਾਂ ਨੇ ਇਕ-ਦੂਜੇ ਦੇ ਘਰ ਦੀਆਂ ਔਰਤਾਂ ਨੂੰ ਫ਼ੋਨ ਕਰ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਗੜ੍ਹਾ ਵਾਸੀ ਸਾਹਿਲ ਨੇ ਆਪਣੇ ਸਾਥੀਆਂ ਨੂੰ ਫ਼ੋਨ ਕਰ ਕੇ (ਸਾਹਿਲ ਦੇ) ਘਰ ਦੇ ਬਾਹਰ ਉਸ ਦੀ ਗੱਡੀ ’ਤੇ ਫਾਇਰਿੰਗ ਕਰਨ ਦੀ ਸੁਪਾਰੀ ਦਿੱਤੀ, ਪਰ ਫਾਇਰਿੰਗ ਤੋਂ ਬਾਅਦ ਜਦੋਂ ਪੁਲਸ ਪਹੁੰਚੀ ਤਾਂ ਸਾਹਿਲ ਨੇ ਡਰੱਗ ਕਾਰੋਬਾਰ ਨੂੰ ਲੁਕਾਉਣ ਲਈ ਝੂਠੀ ਜਾਣਕਾਰੀ ਦਿੱਤੀ ਕਿ ਉਸ ਦਾ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਕਾਰਨ ਇਹ ਫਾਇਰਿੰਗ ਕੀਤੀ ਗਈ।

