Doors to an alliance with the Akali Dal have not closed! Signals emerge from Amit Shah’s rally
ਅਕਾਲੀ ਦਲ ਨਾਲ ਗਠਜੋੜ ਦੇ ਰਾਹ ਬੰਦ ਨਹੀਂ ਹੋਏ! ਅਮਿਤ ਸ਼ਾਹ ਦੀ ਰੈਲੀ ‘ਚ ਮਿਲੇ ਸੰਕੇਤ
ਚੰਡੀਗੜ੍ਹ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਭਾਜਪਾ ਦੀ ‘ਨਸ਼ਾ-ਮੁਕਤ ਯਾਤਰਾ’ ਨੂੰ ਲੈ ਕੇ ਆਯੋਜਿਤ ਰੈਲੀ ’ਚ ਭਾਜਪਾ ਨੂੰ ਚੋਣ ਮੋਡ ’ਚ ਲਿਆ ਦਿੱਤਾ ਹੈ। ਜਲੰਧਰ ’ਚ ‘ਨਸ਼ਾ-ਮੁਕਤ ਪੰਜਾਬ ਯਾਤਰਾਵਾਂ’ ਦੇ ਸਮਾਪਤੀ ਸਮਾਰੋਹ ਦੌਰਾਨ ਆਯੋਜਿਤ ਰੈਲੀ ’ਚ ਸ਼ਾਹ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨਾਲ ਨਸ਼ੇ ਦੇ ਮਸਲੇ ’ਤੇ ਬੁਲਾਈ ਗਈ ਕਿਸੇ ਵੀ ਬੈਠਕ ’ਚ ਪੰਜਾਬ ਨੇ ਹਿੱਸਾ ਨਹੀਂ ਲਿਆ। ਕੇਂਦਰੀ ਗ੍ਰਹਿ ਮੰਤਰੀ ਨੇ ਮੰਚ ਤੋਂ ‘ਆਪ’ ਅਤੇ ਕਾਂਗਰਸ ’ਤੇ ਹਮਲੇ ਕੀਤੇ ਪਰ ਸ਼੍ਰੋਮਣੀ ਅਕਾਲੀ ਦਲ ਬਾਰੇ ਇਕ ਵੀ ਸ਼ਬਦ ਨਹੀਂ ਕਿਹਾ। ਸ਼ਾਹ ਨੇ ਨਾ ਤਾਂ ਅਕਾਲੀ ਦਲ ਦੀ ਕੋਈ ਵਡਿਆਈ ਕੀਤੀ ਅਤੇ ਨਾ ਹੀ ਕਿਸੇ ਮੁੱਦੇ ’ਤੇ ਉਸ ਨੂੰ ਕੋਸਿਆ। ਇਸ ਤੋਂ ਸਾਫ਼ ਹੈ ਕਿ ਭਾਜਪਾ ਅਕਾਲੀ ਦਲ ਨਾਲ ਗੱਲਬਾਤ ਦੇ ਦਰਵਾਜ਼ੇ ਫਿਲਹਾਲ ਬੰਦ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਭਾਜਪਾ ਪੰਜਾਬ ਨੂੰ ਉਦਯੋਗਿਕ ਖੇਤਰ ’ਚ ਸਿਖਰਲੇ 5 ਸੂਬਿਆਂ ’ਚ ਲਿਆਵੇਗੀ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ, ਸੂਬੇ ਦੀ ਅਰਥ-ਵਿਵਸਥਾ ਸੁਧਾਰੇਗੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏਗੀ। ਅਮਿਤ ਸ਼ਾਹ ਦੇ ਮੰਚ ’ਤੇ ਆਉਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਹੀ ਭਾਸ਼ਣ ਦਿੱਤਾ। ਭਾਸ਼ਣ ਸਮਾਪਤ ਕਰ ਕੇ ਜਦੋਂ ਸ਼ਾਹ ਮੰਚ ਤੋਂ ਜਾਣ ਲੱਗੇ, ਉਦੋਂ ਵੀ ਉਹ ਹੋਰ ਆਗੂਆਂ ਦੇ ਅੱਗਿਓਂ ਲੰਘਣ ਤੋਂ ਬਾਅਦ ਸੁਨੀਲ ਜਾਖੜ ਦਾ ਹੱਥ ਫੜ੍ਹ ਕੇ ਕੁੱਝ ਦੇਰ ਖੜ੍ਹੇ ਰਹੇ।

