Putin warns European nations: Blocking traffic in the Baltic Sea would lead to a situation similar to that in the Strait of Hormuz
ਪੁਤਿਨ ਦੀ ਯੂਰਪੀ ਦੇਸ਼ਾਂ ਨੂੰ ਚਿਤਾਵਨੀ, ਕਿਹਾ- ਬਾਲਟਿਕ ਸਾਗਰ ‘ਚ ਆਵਾਜਾਈ ਰੋਕੀ ਤਾਂ ਹੋਰਮੁਜ਼ ਵਰਗੇ ਬਣਨਗੇ ਹਾਲਾਤ
ਮਾਸਕੋ (ਆਵਾਜ਼ਿ ਕੌਮ ਬਿਊਰੋ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਰੂਸ ਨਾਲ ਟਕਰਾਅ ਵਧਾਉਣਾ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ। ਮਾਸਕੋ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਤਿਨ ਨੇ ਕਿਹਾ, ਜੇਕਰ ਬਾਲਟਿਕ ਸਾਗਰ ’ਚ ਜਹਾਜ਼ਾਂ ਦੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਵੀ ਹੋਰਮੁਜ਼ ਵਰਗੇ ਹਾਲਾਤ ਬਣ ਸਕਦੇ ਹਨ। ਪੁਤਿਨ ਨੇ ਕਿਹਾ ਕਿ ਰੂਸ ਯੂਰਪ ਨਾਲ ਜੰਗ ਨਹੀਂ ਚਾਹੁੰਦਾ ਪਰ ਜੇਕਰ ਕੋਈ ਦੇਸ਼ ਉਸ ਨਾਲ ਟਕਰਾਅ ਕਰਦਾ ਹੈ ਤਾਂ ਉਸ ਨੂੰ ਇਸ ਦੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤਣਾਅ ਬਹੁਤ ਜ਼ਿਆਦਾ ਵਧਿਆ ਤਾਂ ਕਿਸੇ ਦੀ ਜਿੱਤ ਨਹੀਂ ਹੋਵੇਗੀ। ਬਾਲਟਿਕ ਸਾਗਰ ਰੂਸ ਅਤੇ ਯੂਰਪ ਵਿਚਕਾਰ ਸਾਮਾਨ ਲਿਆਉਣ ਅਤੇ ਲੈ ਕੇ ਜਾਣ ਦਾ ਇਕ ਅਹਿਮ ਰਸਤਾ ਹੈ। ਰੂਸ ਸਮੇਤ ਕਈ ਯੂਰਪੀ ਦੇਸ਼ ਇਸ ਦੀ ਵਰਤੋਂ ਵਪਾਰ ਲਈ ਕਰਦੇ ਹਨ। ਇੱਥੋਂ ਤੇਲ, ਗੈਸ ਅਤੇ ਦੂਜੀਆਂ ਚੀਜ਼ਾਂ ਜਹਾਜ਼ਾਂ ਰਾਹੀਂ ਇਕ ਦੇਸ਼ ਤੋਂ ਦੂਜੇ ਦੇਸ਼ ਪਹੁੰਚਾਈਆਂ ਜਾਂਦੀਆਂ ਹਨ। ਯੂਕ੍ਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਅਤੇ ਯੂਰਪੀ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਬਾਲਟਿਕ ਸਾਗਰ ਦੇ ਆਸ-ਪਾਸ ਨਾਟੋ ਦੇਸ਼ਾਂ ਦੀ ਮੌਜੂਦਗੀ ਵੀ ਹੈ। ਰੂਸ ਨੂੰ ਡਰ ਹੈ ਕਿ ਜੇਕਰ ਯੂਰਪੀ ਦੇਸ਼ਾਂ ਨੇ ਉਸ ਦੇ ਜਹਾਜ਼ਾਂ ਨੂੰ ਇਸ ਰਸਤੇ ਤੋਂ ਲੰਘਣ ਤੋਂ ਰੋਕਿਆ ਤਾਂ ਉਸ ਦੇ ਵਪਾਰ ’ਤੇ ਅਸਰ ਪਵੇਗਾ। ਪੁਤਿਨ ਇਸੇ ਗੱਲ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਹਾਜ਼ਾਂ ਦੀ ਆਵਾਜਾਈ ਰੋਕੀ ਗਈ ਤਾਂ ਹਾਲਾਤ ਵਿਗੜ ਸਕਦੇ ਹਨ। ਇਸ ਦਾ ਅਸਰ ਸਿਰਫ਼ ਰੂਸ ’ਤੇ ਨਹੀਂ, ਸਗੋਂ ਦੂਜੇ ਦੇਸ਼ਾਂ ਦੇ ਵਪਾਰ ’ਤੇ ਵੀ ਪਵੇਗਾ। ਪੁਤਿਨ ਨੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਰ ਸਟੋਰੇ ਨਾਲ ਫੋਨ ’ਤੇ ਹੋਈ ਗੱਲਬਾਤ ਦਾ ਵੀ ਬਚਾਅ ਕੀਤਾ। ਦੋਵਾਂ ਨੇਤਾਵਾਂ ਨੇ ਇਸੇ ਹਫ਼ਤੇ ਉਨ੍ਹਾਂ ਨਾਲ ਗੱਲ ਕੀਤੀ ਸੀ। ਯੂਰਪ ਦੇ ਕੁਝ ਨੇਤਾਵਾਂ ਨੇ ਰੂਸ ਨਾਲ ਗੱਲਬਾਤ ਕਰਨ ਦੇ ਉਨ੍ਹਾਂ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਪੁਤਿਨ ਨੇ ਕਿਹਾ ਕਿ ਰੂਸ ਅਤੇ ਯੂਰਪੀ ਦੇਸ਼ਾਂ ਵਿਚਕਾਰ ਰਿਸ਼ਤੇ ਸੁਧਾਰਨ ਲਈ ਗੱਲਬਾਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਸਕੋ ਯੂਰਪ ਨਾਲ ਸਬੰਧ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਲਈ ਤਿਆਰ ਹੈ।

