Protests against inflation erupt in Italy! Hundreds of thousands take to the streets
ਹੁਣ ਇਟਲੀ ‘ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ ‘ਤੇ ਉਤਰੇ ਲੱਖਾਂ ਲੋਕ
Paris, (ਆਵਾਜ਼ਿ ਕੌਮ ਬਿਊਰੋ)-ਫਰਾਂਸ ‘ਚ ਮਹਿੰਗਾਈ ਅਤੇ ਸਕੂਲੀ ਪੜ੍ਹਾਈ ਦੇ ਮਾੜੇ ਹਾਲਾਤ ਖ਼ਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨ ਹੌਲੀ-ਹੌਲੀ ਪੂਰੇ ਯੂਰਪ ਨੂੰ ਆਪਣੀ ਚਪੇਟ ‘ਚ ਲੈਂਦੇ ਜਾ ਰਹੇ ਹਨ। ਇਸੇ ਦੌਰਾਨ ਇਟਲੀ ‘ਚ ਵੀ ਵਧਦੀ ਮਹਿੰਗਾਈ, ਘੱਟ ਤਨਖਾਹਾਂ, ਜਨਤਕ ਸੇਵਾਵਾਂ ਦੀ ਘਾਟ ਅਤੇ ਵਧਦੇ ਫੌਜੀ ਖਰਚਿਆਂ ਖ਼ਿਲਾਫ਼ ਸ਼ੁੱਕਰਵਾਰ ਨੂੰ ਪੂਰੇ ਦੇਸ਼ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗ੍ਰਾਸਰੂਟਸ ਯੂਨੀਅਨ ‘ਯੂਨੀਓਨੇ ਸਿੰਦਾਕਾਲੇ ਡੀ ਬਾਸੇ’ ਦੇ ਸੱਦੇ ‘ਤੇ 24-ਘੰਟੇ ਦੀ ਦੇਸ਼ ਪੱਧਰੀ ਹੜਤਾਲ ਦੌਰਾਨ ਲੱਖਾਂ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੇ 40 ਤੋਂ ਵੱਧ ਸ਼ਹਿਰਾਂ ‘ਚ ਵਿਰੋਧ ਪ੍ਰਦਰਸ਼ਨ ਕੀਤੇ। ਰੋਮ ‘ਚ ਕੋਲੋਜ਼ੀਅਮ ਨੇੜੇ ਵਿਸ਼ਾਲ ਮਾਰਚ ਕੱਢਿਆ ਗਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵੀਕੈਂਡ ਤੱਕ ਟੈਂਟ ਲਗਾ ਕੇ ਧਰਨਾ ਦੇਣ ਦਾ ਐਲਾਨ ਕੀਤਾ। ਸ਼ਾਮ ਵੇਲੇ ਜਦੋਂ ਇੱਕ ਵੱਡੇ ਸਮੂਹ ਨੇ ਸੰਸਦ ਭਵਨ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ। ਇਟਾਲੀਅਨ ਨਿਊਜ਼ ਏਜੰਸੀ ANSA ਅਨੁਸਾਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨ ਵਾਲੇ 8 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਟਿਊਰਿਨ ‘ਚ ਵੀ ਪ੍ਰੀਫੈਕਚਰ ਇਮਾਰਤ ਵੱਲ ਵਧ ਰਹੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਪੁਲਸ ਨੇ ਪਾਣੀ ਦੀਆਂ ਬੌਛਾਰਾਂ ਕੀਤੀਆਂ। ਮਿਲਾਨ ‘ਚ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀ ਰਿੰਗ ਰੋਡ ‘ਤੇ ਮਾਰਚ ਕਰਦਿਆਂ ਪੋਲੀਟੈਕਨਿਕੋ ਡੀ ਮਿਲਾਨੋ ਯੂਨੀਵਰਸਿਟੀ ਦੇ ਬਾਹਰ ਰੈਲੀ ਕੀਤੀ, ਜਦਕਿ ਜੇਨੋਆ ‘ਚ ਲਗਭਗ 15,000 ਪੋਰਟ ਵਰਕਰਾਂ ਅਤੇ ਵਿਦਿਆਰਥੀਆਂ ਨੇ ਬੰਦਰਗਾਹਾਂ ‘ਚ ਦਾਖਲ ਹੋ ਕੇ ਹਥਿਆਰਾਂ ਦੀ ਤਸਕਰੀ ਅਤੇ ਜੰਗੀ ਖੇਤਰਾਂ ‘ਚ ਸਮੁੰਦਰੀ ਮਜ਼ਦੂਰਾਂ ਦੀਆਂ ਮੌਤਾਂ ਖ਼ਿਲਾਫ਼ ਰੋਸ ਜਤਾਇਆ। ਜ਼ਿਕਰਯੋਗ ਹੈ ਕਿ ਮਹਿੰਗਾਈ ਅਤੇ ਜੀਵਨ ਪੱਧਰ ਦੇ ਡਿੱਗਦੇ ਮਿਆਰ ਨੂੰ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਸਿਰਫ਼ ਇਟਲੀ ਤੱਕ ਸੀਮਤ ਨਹੀਂ ਹਨ, ਬਲਕਿ ਫਰਾਂਸ, ਸਪੇਨ, ਬੈਲਜੀਅਮ ਅਤੇ ਅਲਬਾਨੀਆ ਸਮੇਤ ਕਈ ਯੂਰੋਪੀਅਨ ਦੇਸ਼ਾਂ ਵਿੱਚ ਵੀ ਅਜਿਹੀਆਂ ਹੜਤਾਲਾਂ ਅਤੇ ਮੁਜ਼ਾਹਰੇ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਪੂਰੇ ਯੂਰਪ ‘ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

