‘Coup-like’ situation in a European country! President turns plane around mid-journey
ਯੂਰਪੀ ਦੇਸ਼ ‘ਚ ‘ਤਖ਼ਤਾਪਲਟ’ ਵਰਗੇ ਹਾਲਾਤ ! ਰਾਸ਼ਟਰਪਤੀ ਨੇ ਅੱਧ ਵਿਚਾਲਿਓਂ ਵਾਪਸ ਮੋੜਿਆ ਜਹਾਜ਼
Paris, (ਆਵਾਜ਼ਿ ਕੌਮ ਬਿਊਰੋ)-ਇਕ ਪਾਸੇ ਫਰਾਂਸ-ਇਟਲੀ ਸਣੇ ਕਈ ਯੂਰਪੀ ਦੇਸ਼ਾਂ ‘ਚ ਮਹਿੰਗਾਈ ਤੇ ਸਕੂਲੀ ਪੜ੍ਹਾਈ ਦੀ ਮਾੜੀ ਹਾਲਤ ਖ਼ਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨ ਛਿੜੇ ਹੋਏ ਹਨ, ਉੱਥੇ ਹੀ ਪੋਲੈਂਡ ‘ਚ ਸੰਵਿਧਾਨਕ ਟ੍ਰਿਬਿਊਨਲ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਅਚਾਨਕ ਹੋਈ ਮੁਅੱਤਲੀ ਤੋਂ ਬਾਅਦ ਦੇਸ਼ ‘ਚ ਰਾਜਨੀਤਕ ਅਤੇ ਕਾਨੂੰਨੀ ਖਿੱਚੋਤਾਣ ਸ਼ੁਰੂ ਹੋ ਗਈ ਹੈ। 30 ਅਕਤੂਬਰ ਦੀ ਸ਼ਾਮ ਨੂੰ ਅਦਾਲਤ ਦੀ ਵੈੱਬਸਾਈਟ ‘ਤੇ ਜਾਰੀ ਨੋਟਿਸ ਤੋਂ ਬਾਅਦ ਪੋਲੈਂਡ ਦੇ ਰਾਸ਼ਟਰਪਤੀ ਨੇ ਸੇਨੇਗਲ ਨੂੰ ਜਾਂਦੇ ਸਮੇਂ ਅੱਧ ਵਿਚਾਲਿਓਂ ਜਹਾਜ਼ ਵਾਪਸ ਮੋੜ ਕੇ ਦੇਸ਼ ਵਾਪਸ ਪਰਤਣ ਦਾ ਐਲਾਨ ਕੀਤਾ, ਜਦਕਿ ਰਾਜਧਾਨੀ ਵਾਰਸਾ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਸ਼ਾਮ 6 ਵਜੇ ਸੰਵਿਧਾਨਕ ਟ੍ਰਿਬਿਊਨਲ ਦੇ ਪ੍ਰਧਾਨ ਬੋਗਦਾਨ ਸਵੀਚਕੋਵਸਕੀ ਅਤੇ ਉਪ-ਪ੍ਰਧਾਨ ਬਾਰਟਲੋਮੀਜ ਸੋਚਾਨਸਕੀ ਨੂੰ ਮੁਅੱਤਲ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ। ਸਭ ਤੋਂ ਸੀਨੀਅਰ ਜੱਜ ਐਨਾ ਕੋਰਵਿਨ-ਪਿਓਤਰੋਵਸਕਾ ਨੇ ਦਾਅਵਾ ਕੀਤਾ ਕਿ ਕਾਨੂੰਨੀ ਸ਼ਾਸਨ ਨੂੰ ਬਹਾਲ ਕਰਨ ਲਈ ਇਹ ਕਦਮ ਜ਼ਰੂਰੀ ਸੀ ਅਤੇ ਹੁਣ ਉਹ ਅਦਾਲਤ ਦੀ ਅਗਵਾਈ ਕਰ ਰਹੇ ਹਨ। ਦੂਜੇ ਪਾਸੇ, ਅਦਾਲਤ ਦੇ ਅਧਿਕਾਰਤ ਅਕਾਊਂਟ ਨੇ ਇਸ ਨੂੰ ‘ਤਖ਼ਤਾਪਲਟ’ ਕਰਾਰ ਦਿੱਤਾ ਹੈ। ਦੇਸ਼ ‘ਚ ਭਖ਼ਦੇ ਮਾਹੌਲ ਨੂੰ ਦੇਖਦੇ ਹੋਏ ਪੋਲੈਂਡ ਦੇ ਰਾਸ਼ਟਰਪਤੀ ਕਰੋਲ ਨਾਵਰੋਕੀ, ਜੋ ਸੇਨੇਗਲ ਦੇ ਦੌਰੇ ‘ਤੇ ਜਾ ਰਹੇ ਸਨ, ਨੇ ਆਪਣੀ ਫਲਾਈਟ ਅੱਧ ਵਿਚਾਲਿਓਂ ਵਾਪਸ ਮੋੜ ਲਈ। ਉਨ੍ਹਾਂ ਨੇ ਐਕਸ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ: “ਅਜਿਹੇ ਔਖੇ ਸਮੇਂ ਰਾਸ਼ਟਰਪਤੀ ਦਾ ਪੋਲੈਂਡ ‘ਚ ਹੋਣਾ ਜ਼ਰੂਰੀ ਹੈ, ਮੈਂ ਵਾਪਸ ਪਰਤ ਰਿਹਾ ਹਾਂ।” ਸ਼ਨੀਵਾਰ ਤੜਕੇ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਫਸਟ ਪ੍ਰੈਜ਼ੀਡੈਂਟ ਜ਼ਬਿਗਨਿਊ ਕਾਪਿੰਸਕੀ ਨਾਲ ਟ੍ਰਿਬਿਊਨਲ ਬਿਲਡਿੰਗ ‘ਚ ਦਾਖਲ ਹੋਏ। ਉੱਥੇ ਹੀ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੀ ਸਰਕਾਰ ਨੇ ਇਸ ਕਦਮ ਦਾ ਸਮਰਥਨ ਕਰਦਿਆਂ ਕਿਹਾ ਕਿ ਸਾਬਕਾ ਰਾਸ਼ਟਰਵਾਦੀ ਪਾਰਟੀ (PiS) ਦੇ ਸ਼ਾਸਨ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਤਾਇਨਾਤ ਕੀਤੇ ਜੱਜਾਂ ਨੂੰ ਹਟਾਉਣਾ ਅਤੇ ਅਦਾਲਤ ਦੀ ਆਜ਼ਾਦੀ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ। ਟਸਕ ਨੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਕਾਨੂੰਨ ਦੇ ਰਾਜ ਨੂੰ ਬਹਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ… ਇਹ ਪ੍ਰਕਿਰਿਆ ਔਖੀ ਹੈ ਪਰ ਹੋਰ ਕੋਈ ਰਸਤਾ ਨਹੀਂ ਹੈ।” ਇਸ ਸਿਆਸੀ ਹੰਗਾਮੇ ਤੋਂ ਬਾਅਦ ਚੀਨ ‘ਚ ਪੋਲੈਂਡ ਦੇ ਰਾਜਦੂਤ ਯਾਕੂਬ ਕੁਮੋਚ ਨੇ ਅਸਤੀਫਾ ਦੇ ਦਿੱਤਾ ਹੈ। ਜੀ-20 ਸੰਮੇਲਨ ‘ਚ ਗਏ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨੇ ਅਸਤੀਫਾ ਪ੍ਰਵਾਨ ਕਰਦਿਆਂ ਕਿਹਾ ਕਿ ਉਹ ਹੁਣ ਪੋਲੈਂਡ ਦੀ ਨੁਮਾਇੰਦਗੀ ਨਹੀਂ ਕਰਦੇ। ਅਜਿਹੇ ‘ਚ ਪੋਲੈਂਡ ‘ਚ ਸਿਆਸੀ ਤਣਾਅ ਹੋਰ ਜ਼ਿਆਦਾ ਵਧ ਸਕਦਾ ਹੈ।

