Something ‘big’ is about to happen in the Middle East! The US has sent fighter jets towards Israel
ਮਿਡਲ ਈਸਟ ‘ਚ ਹੋਣ ਜਾ ਰਿਹੈ ਕੁਝ ‘ਵੱਡਾ’ ! ਅਮਰੀਕਾ ਨੇ ਇਜ਼ਰਾਈਲ ਵੱਲ ਭੇਜੇ ਲੜਾਕੂ ਜਹਾਜ਼
New Delhi, (ਆਵਾਜ਼ਿ ਕੌਮ ਬਿਊਰੋ)-ਇਜ਼ਰਾਈਲ ’ਚ ਚੋਣ ਨਤੀਜਿਆਂ ਤੋਂ ਬਾਅਦ ਹੁਣ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੀਆਂ ਮਿਡ-ਟਰਮ ਚੋਣਾਂ ’ਤੇ ਹਨ। ਜਿਵੇਂ-ਜਿਵੇਂ 3 ਨਵੰਬਰ ਦੀ ਤਰੀਕ ਨੇੜੇ ਆ ਰਹੀ ਹੈ, ਇਰਾਨ ਨੂੰ ਲੈ ਕੇ ਅਮਰੀਕਾ ਦੀ ਫੌਜੀ ਤਿਆਰੀ ਮਜ਼ਬੂਤ ਹੁੰਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਮਿਡ-ਟਰਮ ਚੋਣਾਂ ਤੋਂ ਬਾਅਦ ਇਰਾਨ ’ਤੇ ਫੈਸਲਾਕੁੰਨ ਹਮਲਾ ਕਰ ਸਕਦੇ ਹਨ। ਹਾਲਾਂਕਿ ਸਾਊਦੀ ਅਰਬ ਅਤੇ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਜੇ ਇਸ ਕੋਸ਼ਿਸ਼ ’ਚ ਹਨ ਕਿ ਕਿਸੇ ਤਰ੍ਹਾਂ ਗੱਲਬਾਤ ਰਾਹੀਂ ਤਣਾਅ ਨੂੰ ਘੱਟ ਕਰਕੇ ਜੰਗ ਨੂੰ ਟਾਲਿਆ ਜਾਵੇ। ਇਸ ਵਿਚਾਲੇ ਅਮਰੀਕਾ ਦੇ 10 ਫੌਜੀ ਜਹਾਜ਼ ਇਜ਼ਰਾਈਲ ਪਹੁੰਚ ਗਏ ਹਨ। ਅਮਰੀਕੀ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਕ ਛੋਟਾ ਪਰ ਬੇਹੱਦ ਸਟੀਕ ਹਮਲਾ ਹੋ ਸਕਦਾ ਹੈ। ਇਜ਼ਰਾਈਲੀ ਮੀਡੀਆ ‘ਕਾਨ’ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਓਵਡਾ ਅਤੇ ਨੇਵਾਤਿਮ ਏਅਰਬੇਸ ’ਤੇ ਇਹ ਅਮਰੀਕੀ ਫੌਜੀ ਜਹਾਜ਼ ਪਹੁੰਚੇ ਹਨ। ਨੇਵਾਤਿਮ ’ਚ ਹੀ ਇਜ਼ਰਾਈਲੀ ਅਤੇ ਅਮਰੀਕੀ ਐੱਫ-35 ਸਟੀਲਥ ਫਾਈਟਰ ਜੈੱਟਾਂ ਦਾ ਵੱਡਾ ਬੇੜਾ ਪਹਿਲਾਂ ਤੋਂ ਮੌਜੂਦ ਹੈ। ਇਰਾਨ ’ਚ ਹਮਲੇ ’ਚ ਐੱਫ-35 ਦੀ ਬੇਹੱਦ ਅਹਿਮ ਭੂਮਿਕਾ ਰਹੀ ਹੈ। ਇਜ਼ਰਾਈਲੀ ਮੀਡੀਆ ਦੀ ਰਿਪੋਰਟ ਮੁਤਾਬਕ ਅਮਰੀਕਾ ਵੱਡੇ ਪੱਧਰ ’ਤੇ ਹਥਿਆਰਾਂ ਨੂੰ ਦੱਖਣੀ ਇਜ਼ਰਾਈਲ ਭੇਜ ਰਿਹਾ ਹੈ। ਇਹ 10 ਫੌਜੀ ਜਹਾਜ਼ ਅਮਰੀਕਾ ਦੇ ਫੋਰਟ ਬਲਿਸ ਅੱਡੇ ਤੋਂ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬੇਸ ’ਤੇ ਏਅਰ ਡਿਫੈਂਸ ਸਿਸਟਮ ਭੇਜੇ ਗਏ ਹਨ ਜੋ ਇਲਾਕੇ ’ਚ ਅਮਰੀਕੀ ਬੇਸ ਦੀ ਰੱਖਿਆ ਕਰਨਗੇ। ਇਸ ਤੋਂ ਪਹਿਲਾਂ ਅਮਰੀਕਾ ਨੇ ਇਸੇ ਹਫ਼ਤੇ ਚਿਤਾਵਨੀ ਦਿੱਤੀ ਸੀ ਕਿ ਇਕ ‘ਛੋਟਾ ਪਰ ਸਟੀਕ ਯੁੱਧ’ ਇਰਾਨ ਨਾਲ ਹੋ ਸਕਦਾ ਹੈ। ਅਮਰੀਕਾ ਦਾ ਫੋਰਟ ਬਲਿਸ ਬੇਸ ਅਮਰੀਕਾ ਦੇ ਸਭ ਤੋਂ ਵੱਡੇ ਏਅਰ ਡਿਫੈਂਸ ਸਿਸਟਮ ਦਾ ਭੰਡਾਰ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਇਜ਼ਰਾਈਲ ਦੇ ਥਾਡ ਅਤੇ ਪੈਟ੍ਰੀਅਟ ਸਿਸਟਮ ਲਈ ਇੰਟਰਸੈਪਟਰ ਮਿਜ਼ਾਈਲਾਂ ਭੇਜੀਆਂ ਹਨ ਜੋ ਕਾਫ਼ੀ ਘੱਟ ਗਈਆਂ ਸਨ। ਇਜ਼ਰਾਈਲ ਨੇ ਇਰਾਨ ਨਾਲ ਹੋਈ ਜੰਗ ਦੌਰਾਨ ਇਨ੍ਹਾਂ ਮਿਜ਼ਾਈਲਾਂ ਦੀ ਆਪਣੇ ਬਚਾਅ ਲਈ ਜੰਮ ਕੇ ਵਰਤੋਂ ਕੀਤੀ ਸੀ। ਇਸੇ ਕਾਰਨ ਅਮਰੀਕਾ ਦੇ ਭੰਡਾਰ ’ਚ ਇੰਟਰਸੈਪਟਰ ਮਿਜ਼ਾਈਲਾਂ ਦੀ ਗਿਣਤੀ ਵੀ ਕਾਫ਼ੀ ਘੱਟ ਗਈ ਸੀ। ਇਕ ਇਜ਼ਰਾਈਲੀ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਇਰਾਨ ਨੂੰ ਲੈ ਕੇ ਅਮਰੀਕਾ ਅਤੇ ਇਜ਼ਰਾਈਲ ਦੋਵੇਂ ਹੀ ਮਿਲ ਕੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਵੀ ਖੁੱਲ੍ਹ ਕੇ ਬੈਂਜਾਮਿਨ ਨੇਤਨਯਾਹੂ ਦਾ ਚੋਣਾਂ ’ਚ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਜੇ ਇਰਾਨ ਦਾ ਮਿਸ਼ਨ ਅਧੂਰਾ ਹੈ ਅਤੇ ਇਸ ਨੂੰ ਮਿਲ ਕੇ ਪੂਰਾ ਕਰਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਜੇ ਗੱਲਬਾਤ ਨੂੰ ਦੇਖਦੇ ਹੋਏ ਟਰੰਪ ਨੇ ਹਮਲੇ ਦਾ ਹੁਕਮ ਨਹੀਂ ਦਿੱਤਾ ਹੈ ਪਰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਤਿਆਰੀ ਪੂਰੀ ਹੈ। ਅਮਰੀਕਾ ਦਾ ਇਕ ਹੋਰ ਏਅਰਕ੍ਰਾਫਟ ਕਰੀਅਰ ਇਸ ਇਲਾਕੇ ’ਚ ਪਹੁੰਚਣ ਵਾਲਾ ਹੈ।

