Daughter ran away from home with her lover! Family held her funeral while she was still alive
ਪ੍ਰੇਮੀ ਨਾਲ ਘਰੋਂ ਭੱਜ ਗਈ ਧੀ ! ਪਰਿਵਾਰ ਨੇ ਜਿਊਂਦੀ ਦੀ ਕੱਢ’ਤੀ ਅੰਤਿਮ ਯਾਤਰਾ
ਪ੍ਰਤਾਪਗੜ੍ਹ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ’ਚ ਪ੍ਰੇਮੀ ਨਾਲ ਘਰੋਂ ਭੱਜੀ 18 ਸਾਲਾ ਮੁਟਿਆਰ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਉਸ ਦੀ ਤਸਵੀਰ ਰੱਖ ਕੇ ਪ੍ਰਤੀਕਾਤਮਕ ਅੰਤਿਮ ਯਾਤਰਾ ਕੱਢੀ ਅਤੇ ਫਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਧੀ ਨੇ ਸਮਾਜ ’ਚ ਉਨ੍ਹਾਂ ਦੀ ਬਦਨਾਮੀ ਕਰਵਾਈ ਹੈ ਅਤੇ ਹੁਣ ਉਹ ਉਨ੍ਹਾਂ ਲਈ ਮਰ ਚੁੱਕੀ ਹੈ। ਮਾਮਲਾ ਜੇਠਵਾਰਾ ਥਾਣਾ ਖੇਤਰ ਦੇ ਆਸ਼ਾਪੁਰ ਪਿੰਡ ਦਾ ਹੈ। ਪਿੰਡ ਨਿਵਾਸੀ ਕਿਸਾਨ ਜਮੁਨਾ ਪ੍ਰਸਾਦ ਪਟੇਲ ਦੀ ਧੀ ਨੀਲਮ ਦਾ ਪਿੰਡ ਦੇ ਹੀ ਦੂਜੀ ਜਾਤੀ ਦੇ ਨੌਜਵਾਨ ਵਿਨੋਦ ਕੁਮਾਰ ਮੌਰਿਆ (19) ਨਾਲ ਲੱਗਭਗ 2 ਸਾਲ ਤੋਂ ਪ੍ਰੇਮ ਸਬੰਧ ਦੱਸੇ ਗਏ ਹਨ। ਲੱਗਭਗ ਇਕ ਮਹੀਨਾ ਪਹਿਲਾਂ ਨੀਲਮ ਘਰੋਂ ਭੱਜ ਗਈ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਤਲਾਸ਼ ਸ਼ੁਰੂ ਕੀਤੀ ਅਤੇ 2 ਦਿਨ ਪਹਿਲਾਂ ਉਸ ਨੂੰ ਵਿਨੋਦ ਨਾਲ ਬਰਾਮਦ ਕੀਤਾ। ਪੁਲਸ ਦੇ ਸਾਹਮਣੇ ਨੀਲਮ ਨੇ ਵਿਨੋਦ ਨਾਲ ਰਹਿਣ ਦੀ ਇੱਛਾ ਪ੍ਰਗਟਾਈ। ਇਸ ਤੋਂ ਬਾਅਦ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਉਸ ਨਾਲੋਂ ਨਾਤਾ ਤੋੜਨ ਦੀ ਗੱਲ ਕਹੀ। ਪਿੰਡ ਪਰਤਣ ’ਤੇ ਉਨ੍ਹਾਂ ਨੀਲਮ ਦਾ ਪੁਤਲਾ ਬਣਾਇਆ, ਉਸ ਨੂੰ ਅਰਥੀ ’ਤੇ ਰੱਖਿਆ ਅਤੇ ਉਸ ਦੀ ਤਸਵੀਰ ਨਾਲ ਅੰਤਿਮ ਯਾਤਰਾ ਕੱਢ ਕੇ ਅੰਤਿਮ ਸੰਸਕਾਰ ਕਰ ਦਿੱਤਾ। ਨੀਲਮ ਨੇ ਕਿਹਾ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਵਿਨੋਦ ਨਾਲ ਰਹਿਣਾ ਚਾਹੁੰਦੀ ਹੈ। ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦੋਹਾਂ ਨੂੰ ਪ੍ਰੇਸ਼ਾਨ ਨਾ ਕਰਨ ਦੀ ਅਪੀਲ ਕੀਤੀ। ਪਰਿਵਾਰਕ ਮੈਂਬਰ ਹੁਣ ਸ਼ਰਾਧ ਅਤੇ ਤੇਰ੍ਹਵੀਂ ਦੀ ਤਿਆਰੀ ਕਰ ਰਹੇ ਹਨ।

