Forbes India Rich List 2026: Gautam Adani is India’s richest person; Mukesh Ambani ranks second
ਫੋਰਬਸ ਇੰਡੀਆ ਰਿਚ ਲਿਸਟ 2026 : ਗੌਤਮ ਅਡਾਣੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਦੂਜੇ ਨੰਬਰ ’ਤੇ
Mumbai, (ਆਵਾਜ਼ਿ ਕੌਮ ਬਿਊਰੋ)-ਫੋਰਬਸ ਇੰਡੀਆ ਦੀ 2026 ਦੀ 100 ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ’ਚ ਗੌਤਮ ਅਡਾਣੀ ਅਤੇ ਉਨ੍ਹਾਂ ਦਾ ਪਰਿਵਾਰ ਇਕ ਵਾਰ ਫਿਰ ਟਾਪ ’ਤੇ ਰਿਹਾ। ਅਡਾਣੀ ਪਰਿਵਾਰ ਦੀ ਕੁਲ ਜਾਇਦਾਦ 112.7 ਅਰਬ ਡਾਲਰ (ਕਰੀਬ 10.81 ਲੱਖ ਕਰੋੜ ਰੁਪਏ) ਮਾਪੀ ਗਈ ਹੈ। ਪਿਛਲੇ ਇਕ ਸਾਲ ’ਚ ਉਨ੍ਹਾਂ ਦੀ ਜਾਇਦਾਦ ’ਚ 20.7 ਅਰਬ ਡਾਲਰ (ਕਰੀਬ 1.98 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਅੰਕੜਾ 2022 ’ਚ ਦਰਜ ਕਰੀਬ 150 ਅਰਬ ਡਾਲਰ ਦੇ ਰਿਕਾਰਡ ਪੱਧਰ ਤੋਂ ਹੁਣ ਵੀ ਘੱਟ ਹੈ। ਫੋਰਬਸ ਅਨੁਸਾਰ ਸ਼ੇਅਰ ਬਾਜ਼ਾਰ ’ਚ ਕਮਜ਼ੋਰੀ ਅਤੇ ਰੁਪਏ ’ਚ 8.5 ਫੀਸਦੀ ਦੀ ਗਿਰਾਵਟ ਦੇ ਬਾਵਜੂਦ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸਾਂਝੀ ਜਾਇਦਾਦ ਕਰੀਬ 1 ਟ੍ਰਿਲੀਅਨ ਡਾਲਰ ਦੇ ਪੱਧਰ ’ਤੇ ਬਣੀ ਰਹੀ। ਓ. ਪੀ. ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ 39.8 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹੈ ਅਤੇ ਸੂਚੀ ’ਚ ਸਭ ਤੋਂ ਅਮੀਰ ਭਾਰਤੀ ਔਰਤ ਬਣੀ ਹੋਈ ਹੈ। ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ 34.7 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਚੌਥੇ ਸਥਾਨ ’ਤੇ ਹਨ। ਉਨ੍ਹਾਂ ਦੀ ਜਾਇਦਾਦ ’ਚ ਇਕ ਸਾਲ ’ਚ 74 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉੱਥੇ ਹੀ ਸੁਨੀਲ ਮਿੱਤਲ ਅਤੇ ਪਰਿਵਾਰ 32.9 ਬਿਲੀਅਨ ਡਾਲਰ ਦੀ ਜਾਇਦਾਦ ਨਾਲ 5ਵੇਂ ਸਥਾਨ ’ਤੇ ਹਨ। ਫੋਰਬਸ ਅਨੁਸਾਰ ਇਸ ਸਾਲ ਸੂਚੀ ’ਚ ਸ਼ਾਮਲ ਅੱਧੇ ਤੋਂ ਵੱਧ ਅਮੀਰਾਂ ਦੀ ਜਾਇਦਾਦ ’ਚ ਕਮੀ ਆਈ ਹੈ। ਏ. ਆਈ. ਆਧਾਰਿਤ ਆਟੋਮੇਸ਼ਨ ਦੇ ਵਧਦੇ ਪ੍ਰਭਾਵ ਕਾਰਨ ਭਾਰਤੀ ਆਈ. ਟੀ. ਅਤੇ ਸਾਫਟਵੇਅਰ ਸਰਵਿਸਿਜ਼ ਸੈਕਟਰ ’ਤੇ ਦਬਾਅ ਦੇਖਣ ਨੂੰ ਮਿਲਿਆ, ਜਿਸ ਦਾ ਅਸਰ ਕੁਝ ਟੈੱਕ ਅਰਬਪਤੀਆਂ ਦੀ ਜਾਇਦਾਦ ’ਤੇ ਵੀ ਪਿਆ। ਸ਼ਿਵ ਨਾਡਾਰ, ਅਜ਼ੀਮ ਪ੍ਰੇਮਜੀ ਅਤੇ ਐੱਨ. ਆਰ. ਨਾਰਾਇਣ ਮੂਰਤੀ ਦੀ ਜਾਇਦਾਦ ’ਚ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਕੁਝ ਨਵੇਂ ਕਾਰੋਬਾਰੀ ਵੀ ਇਸ ਸਾਲ ਫੋਰਬਸ ਦੀ ਸੂਚੀ ’ਚ ਜਗ੍ਹਾ ਬਣਾਉਣ ’ਚ ਸਫਲ ਰਹੇ।
ਫੋਰਬਸ ਦੇ ਟਾਪ-10 ਅਮੀਰ ਭਾਰਤੀ
1 ਗੌਤਮ ਅਡਾਣੀ 112.7 ਬਿਲੀਅਨ
2 ਮੁਕੇਸ਼ ਅੰਬਾਨੀ 86.3 ਬਿਲੀਅਨ
3 ਸਾਵਿਤਰੀ ਜਿੰਦਲ 39.8 ਬਿਲੀਅਨ
4 ਲਕਸ਼ਮੀ ਮਿੱਤਲ 34.7 ਬਿਲੀਅਨ
5 ਸੁਨੀਲ ਮਿੱਤਲ ਅਤੇ ਪਰਿਵਾਰ 32.9 ਬਿਲੀਅਨ
6 ਸਾਇਰਸ ਪੂਨਾਵਾਲਾ 28.4 ਬਿਲੀਅਨ
7 ਸ਼ਿਵ ਨਾਡਾਰ 27.4 ਬਿਲੀਅਨ
8 ਦਿਲੀਪ ਸੰਘਵੀ 26.3 ਬਿਲੀਅਨ
9 ਕੁਮਾਰ ਮੰਗਲਮ ਬਿਰਲਾ 23.2 ਬਿਲੀਅਨ
10 ਹਿੰਦੂਜਾ ਪਰਿਵਾਰ 21.2 ਬਿਲੀਅਨ

