Iran to collect toll from ships in Hormuz: Parliament approves, will take payment in rial and currency of choice
ਹੋਰਮੁਜ਼ ’ਚ ਜਹਾਜ਼ਾਂ ਤੋਂ ਟੋਲ ਵਸੂਲੇਗਾ ਈਰਾਨ: ਸੰਸਦ ਨੇ ਦਿੱਤੀ ਮਨਜ਼ੂਰੀ, ਰਿਆਲ ਤੇ ਪਸੰਦ ਦੀ ਕਰੰਸੀ ’ਚ ਲਵੇਗਾ ਪੇਮੈਂਟ
ਤਹਿਰਾਨ (ਆਵਾਜ਼ਿ ਕੌਮ ਬਿਊਰੋ)-ਈਰਾਨ ਦੀ ਸੰਸਦ ਨੇ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੋਲ ਭਾਵ ਟੈਕਸ ਜਾਂ ਫੀਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਹੋਰਮੁਜ਼ ਤੋਂ ਲੰਘਣ ਦੀ ਇਜਾਜ਼ਤ ਹੋਵੇਗੀ, ਉਨ੍ਹਾਂ ਤੋਂ ਸਮੁੰਦਰੀ ਸੇਵਾਵਾਂ ਦੇ ਬਦਲੇ ਫੀਸ ਲਈ ਜਾਵੇਗੀ। ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਹਸਨ ਕਾਸ਼ਕਵੀ ਅਨੁਸਾਰ, ਫੀਸ ਦੇ ਬਦਲੇ ਸਮੁੰਦਰੀ ਸੇਵਾਵਾਂ, ਸੁਰੱਖਿਆ ਅਤੇ ਇੰਸ਼ੋਰੈਂਸ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵਾਤਾਵਰਣ ਸਬੰਧੀ ਸੇਵਾਵਾਂ ਅਤੇ ਖਾਸ ਹਾਲਾਤ ਵਿਚ ਈਂਧਨ ਵੀ ਦਿੱਤਾ ਜਾਵੇਗਾ। ਭੁਗਤਾਨ ਈਰਾਨੀ ਰਿਆਲ ਜਾਂ ਈਰਾਨ ਦੀ ਪਸੰਦ ਦੀ ਕਿਸੇ ਦੂਜੀ ਕਰੰਸੀ ’ਚ ਕੀਤਾ ਜਾ ਸਕੇਗਾ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਹੁਣ ਈਰਾਨ ਖਿਲਾਫ ਆਰਥਿਕ ਜੰਗ ਦੇ ਆਖਰੀ ਦੌਰ ਵਿਚ ਪਹੁੰਚ ਗਿਆ ਹੈ। ਬੇਸੈਂਟ ਅਨੁਸਾਰ ਅਮਰੀਕਾ ਦਾ ਮਕਸਦ ਈਰਾਨ ਦੀ ਕਮਾਈ ਦੇ ਵੱਡੇ ਰਸਤੇ ਬੰਦ ਕਰਨਾ ਹੈ। ਬੇਸੈਂਟ ਨੇ ਕਿਹਾ ਕਿ ਅਮਰੀਕਾ ਈਰਾਨ ’ਤੇ ਦਬਾਅ ਵਧਾਉਣ ਲਈ ਆਪਣੀਆਂ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਅਧਿਕਾਰਾਂ ਦੀ ਵਰਤੋਂ ਕਰੇਗਾ। ਇਸ ਤੋਂ ਪਹਿਲਾਂ ਟਰੰਪ ਨੇ ਇਸ ਨੂੰ ਕਿਸੇ ਵਿਰੋਧੀ ਦੇਸ਼ ਦੇ ਖਿਲਾਫ ਸਭ ਤੋਂ ਵੱਡੀ ਆਰਥਿਕ ਕਾਰਵਾਈ ਦੱਸਿਆ ਸੀ ਅਤੇ ਦੂਜੇ ਦੇਸ਼ਾਂ ਨੂੰ ਈਰਾਨ ਨੂੰ ਅਲੱਗ-ਥਲੱਗ ਕਰਨ ਵਿਚ ਸਾਥ ਦੇਣ ਦੀ ਅਪੀਲ ਕੀਤੀ ਸੀ। ਈਰਾਨ ਨੇ ਅਮਰੀਕਾ ਦੀ ਆਰਥਿਕ ਕਾਰਵਾਈ ਵਿਚ ਸਾਥ ਦੇਣ ਵਾਲੇ ਖਾੜੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਈਰਾਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਪ੍ਰਮੁੱਖ ਮੋਹਸਿਨ ਰੇਜ਼ਾਈ ਨੇ ਕਿਹਾ ਕਿ ਜੋ ਦੇਸ਼ ਈਰਾਨ ’ਤੇ ਆਰਥਿਕ ਪਾਬੰਦੀਆਂ ਲਾਉਣ ਵਿਚ ਅਮਰੀਕਾ ਦਾ ਸਾਥ ਦੇਵੇਗਾ, ਉਸ ਨੂੰ ਦੁਸ਼ਮਣ ਮੰਨਿਆ ਜਾਵੇਗਾ। ਰੇਜ਼ਾਈ ਨੇ ਕਿਹਾ, ‘‘ਜੇ ਡੋਨਾਲਡ ਟਰੰਪ ਕੁੱਝ ਕਰਨਾ ਚਾਹੁੰਦੇ ਹਨ, ਤਾਂ ਅਸੀਂ ਵੀ ਪਲਟਵਾਰ ਕਰਾਂਗੇ।’’ ਇਸੇ ਦੌਰਾਨ ਈਰਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਤਹਿਰਾਨ ਨੂੰ ਮੱਕਾ ਐਗਰੀਮੈਂਟ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਈਰਾਨੀ ਸੰਸਦ ਨਾਲ ਜੁੜੇ ਮਹਿਦੀ ਰਹੀਮੀ ਨੇ ਇਹ ਜਾਣਕਾਰੀ ਦਿੱਤੀ। ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ 7 ਅਗਸਤ ਨੂੰ ਮੱਕਾ ’ਚ ਆਪਸੀ ਸੁਰੱਖਿਆ ਸਮਝੌਤੇ ’ਤੇ ਦਸਤਖਤ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਮੁਜ਼ ਸਟ੍ਰੇਟ ਨੂੰ ‘ਨਿਊ ਯੂ. ਐੱਸ. ਟੈਰੀਟਰੀ’ ਭਾਵ ਨਵਾਂ ਅਮਰੀਕੀ ਇਲਾਕਾ ਦੱਸ ਚੁੱਕੇ ਹਨ। 18 ਅਗਸਤ ਨੂੰ ਉਨ੍ਹਾਂ ਨੇ ਪਹਿਲੀ ਵਾਰ ਹੋਰਮੁਜ਼ ’ਤੇ ਅਮਰੀਕੀ ਕੰਟਰੋਲ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਐਤਵਾਰ ਨੂੰ ਦੁਬਾਰਾ ਅਜਿਹੀ ਤਸਵੀਰ ਸ਼ੇਅਰ ਕੀਤੀ, ਜਿਸ ’ਚ ਹੋਰਮੁਜ਼ ਨੂੰ ਅਮਰੀਕੀ ਇਲਾਕੇ ਦੇ ਤੌਰ ’ਤੇ ਦਿਖਾਇਆ ਗਿਆ।

