Kangana spoke on the protest of Cockroach Janata Party, said – ‘Members were scared in Parliament…’
ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ – ‘ਸੰਸਦ ‘ਚ ਡਰ ਗਏ ਸੀ ਮੈਂਬਰ…’
New Delhi, (ਆਵਾਜ਼ਿ ਕੌਮ ਬਿਊਰੋ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਸੋਮਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਦ ਦੇ ਗੇਟ ਬੰਦ ਕਰ ਦਿੱਤੇ ਗਏ ਸਨ, ਸੰਸਦ ਮੈਂਬਰ ਅੰਦਰ ਸਨ ਤੇ ਕਈ ਲੋਕਾਂ ਨੂੰ ਡਰ ਸੀ ਕਿ ‘ਭੀੜ’ ਉਨ੍ਹਾਂ ’ਤੇ ਹਮਲਾ ਕਰ ਦੇਵੇਗੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਨੇ ਦਿੱਲੀ ਪੁਲਸ ਦੀ ਵੀ ਤਾਰੀਫ਼ ਕੀਤੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ‘ਲੋਕਾਂ ਲਈ ਢਾਲ’ ਦੱਸਿਆ। ਕਾਕਰੋਚ ਜਨਤਾ ਪਾਰਟੀ ਦੇ ‘ਚਲੋ ਸੰਸਦ’ ਸੱਦੇ ’ਤੇ ਹਜ਼ਾਰਾਂ ਲੋਕਾਂ ਦੇ ਮੱਧ ਦਿੱਲੀ ’ਚ ਇਕੱਠੇ ਹੋਣ ਤੋਂ ਇਕ ਦਿਨ ਬਾਅਦ ਰਣੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੁਲਸ ਨੇ ਪੱਥਰ ਤੇ ਸੱਟਾਂ ਖੁਦ ਝੱਲੀਆਂ ਅਤੇ ਜਨਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ।’’ ਮੰਗਲਵਾਰ ਸਵੇਰੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਰਾਜਗ) ਦੇ ਸੰਸਦ ਮੈਂਬਰਾਂ ਦੀ ਬੈਠਕ ਤੋਂ ਬਾਅਦ ਰਣੌਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੰਸਦ ਮੈਂਬਰ ਪ੍ਰੇਸ਼ਾਨ ਸਨ ਅਤੇ ਹਾਲਾਤ ਤਣਾਅਪੂਰਨ ਸਨ। ਉਨ੍ਹਾਂ ਕਿਹਾ, ‘‘ਗੇਟ ਬੰਦ ਸਨ, ਸਾਰੇ ਸੰਸਦ ਮੈਂਬਰ ਅੰਦਰ ਹੀ ਸਨ ਅਤੇ ਸਾਡੇ ’ਚੋਂ ਕੋਈ ਵੀ ਹਿੱਲ ਨਹੀਂ ਸਕਦਾ ਸੀ। ਤੁਸੀਂ ਦੇਖਿਆ ਕਿ ਕਿਵੇਂ ਭੀੜ ਨੇ ਸਾਡੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਕ ਸਮੇਂ ਤਾਂ ਸਾਡੇ ’ਚੋਂ ਕਈ ਲੋਕ ਡਰ ਗਏ ਸਨ ਕਿ ਸਾਡੇ ’ਤੇ ਹਮਲਾ ਹੋ ਸਕਦਾ ਹੈ।’’

