US Ambassador Visits Sri Harmandir Sahib with Delegation
ਅਮਰੀਕੀ ਸਫ਼ੀਰ ਸਰਜੀਓ ਗੋਰ 28 ਮੈਂਬਰੀ ਵਫ਼ਦ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 28 ਸਤੰਬਰ 2026: ਅਮਰੀਕੀ ਸਫ਼ੀਰ ਸਰਜੀਓ ਗੋਰ ਅੱਜ 28 ਮੈਂਬਰੀ ਵਫ਼ਦ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਮਰੀਕੀ ਸਫ਼ੀਰ ਦਾ ਸਨਮਾਨ ਕੀਤਾ ਗਿਆ।
ਅਮਰੀਕੀ ਸਫ਼ੀਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਧਾਰਮਿਕ ਪੁਸਤਕਾਂ ਅਤੇ ਲੋਈ ਭੇਟ ਕੀਤੀ ਗਈ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਫ਼ਦ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਅਧਿਆਤਮਕ ਪ੍ਰੇਰਣਾ ਦਾ ਕੇਂਦਰ ਹੈ, ਜਿੱਥੇ ਹਰ ਧਰਮ ਅਤੇ ਵਰਗ ਦੇ ਲੋਕ ਬਿਨਾਂ ਭੇਦਭਾਵ ਦੇ ਨਤਮਸਤਕ ਹੁੰਦੇ ਹਨ।
ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵੱਲੋਂ ਬਰਾਬਰੀ, ਸੇਵਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤੇ ਜਾਣ ਦੀ ਗੱਲ ਵੀ ਕਹੀ। ਉਨ੍ਹਾਂ ਅਮਰੀਕਾ ਵਿੱਚ ‘ਸਿੰਘ’ ਸ਼ਬਦ ਦੇ ਇਸਤੇਮਾਲ ਨਾਲ ਜਾਰੀ ਹੋਏ ਇੱਕ ਪੋਸਟਰ ਦੇ ਮਾਮਲੇ ਦਾ ਵੀ ਅਮਰੀਕੀ ਵਫ਼ਦ ਨਾਲ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤੇ ਜਾਣ ਮਗਰੋਂ ਉਹ ਪੋਸਟ ਹਟਾ ਦਿੱਤੀ ਗਈ ਸੀ ਅਤੇ ਅੱਗੇ ਤੋਂ ਅਜਿਹੀ ਸਥਿਤੀ ਨਾ ਬਣੇ, ਇਸ ਲਈ ਲੋੜੀਂਦੇ ਕਦਮ ਚੁੱਕਣ ਦੀ ਗੱਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਕਾਸ ਵਿੱਚ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਉੱਥੇ ਵੱਸਦੇ ਹਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੁਨੀਆ ਭਰ ਤੋਂ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਨਾਲ ਸਬੰਧਤ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪਰੰਪਰਾ ਅਨੁਸਾਰ ਹਰ ਆਉਣ ਵਾਲੇ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਮਨੁੱਖਤਾ ਦੀ ਭਲਾਈ ਤੇ ਆਪਸੀ ਸਦਭਾਵਨਾ ਦੀ ਕਾਮਨਾ ਕੀਤੀ ਜਾਂਦੀ ਹੈ।
ਉਨ੍ਹਾਂ ਅਮਰੀਕਾ ਵਿੱਚ ਵੱਸਦੇ ਸਿੱਖਾਂ ਨਾਲ ਸਬੰਧਤ ਮਾਮਲਿਆਂ ਬਾਰੇ ਵੀ ਅਮਰੀਕੀ ਵਫ਼ਦ ਨਾਲ ਵਿਚਾਰ-ਵਟਾਂਦਰਾ ਹੋਣ ਦੀ ਜਾਣਕਾਰੀ ਦਿੱਤੀ।
ਅਮਰੀਕੀ ਸਫ਼ੀਰ ਸਰਜੀਓ ਗੋਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮਰਯਾਦਾ, ਗੁਰਬਾਣੀ ਕੀਰਤਨ ਅਤੇ ਗੁਰੂ ਘਰ ਦੀ ਸੇਵਾ-ਪਰੰਪਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਖਾਸ ਸਥਾਨ ’ਤੇ ਮੁੜ ਆ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਅਨੁਸਾਰ ਉਹ ਲਗਭਗ 15 ਸਾਲ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਅਮਰੀਕੀ ਵਫ਼ਦ ਦੇ ਮੈਂਬਰ ਵੀ ਮੌਜੂਦ ਰਹੇ।
