Income Tax Department raids on businesses and establishments in Mathura, Vrindavan, and Agra
ਮਥੁਰਾ, ਵ੍ਰਿੰਦਾਵਨ ਤੇ ਆਗਰਾ ’ਚ ਕਾਰੋਬਾਰੀਆਂ ਤੇ ਅਦਾਰਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ
ਮਥੁਰਾ/ਆਗਰਾ (ਆਵਾਜ਼ਿ ਕੌਮ ਬਿਊਰੋ)-ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਨੂੰ ਮਥੁਰਾ, ਵ੍ਰਿੰਦਾਵਨ ਅਤੇ ਆਗਰਾ ਵਿਚ ਇਕੋ ਸਮੇਂ ਕਈ ਕਾਰੋਬਾਰੀਆਂ ਅਤੇ ਅਦਾਰਿਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਅਤੇ ਸਰਵੇਖਣ ਦੀ ਕਾਰਵਾਈ ਸ਼ੁਰੂ ਕੀਤੀ। ਮਥੁਰਾ-ਵ੍ਰਿੰਦਾਵਨ ਵਿਚ ਰੈਡੀਸਨ ਹੋਟਲ ਅਤੇ ਸ਼ੰਕਰ ਸੇਠ ਦੇ ਗੁਰੂਕ੍ਰਿਪਾ ਹੋਟਲ ਸਮੇਤ ਕਈ ਅਦਾਰੇ ਵਿਭਾਗ ਦੇ ਨਿਸ਼ਾਨੇ ’ਤੇ ਰਹੇ। ਉੱਥੇ ਹੀ, ਆਗਰਾ ਵਿਚ ਤਨਿਸ਼ਕ ਦੇ 2 ਸ਼ੋਅਰੂਮ ਅਤੇ ਉਨ੍ਹਾਂ ਦੇ ਸੰਚਾਲਕ ਅਨੁਰਾਗ ਬਾਂਸਲ ਦੀ ਰਿਹਾਇਸ਼ ’ਤੇ ਵੀ ਕਾਰਵਾਈ ਦੀ ਸੂਚਨਾ ਹੈ। ਸੂਤਰਾਂ ਮੁਤਾਬਕ, ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਆਮਦਨ ਕਰ ਵਿਭਾਗ ਦੀਆਂ ਲੱਗਭਗ 4 ਦਰਜਨ ਗੱਡੀਆਂ ਰਾਹੀਂ ਟੀਮਾਂ ਮਥੁਰਾ ਪਹੁੰਚੀਆਂ। ਗਾਜ਼ੀਆਬਾਦ ਤੋਂ ਆਈਆਂ ਟੀਮਾਂ ਨੇ ਵੱਖ-ਵੱਖ ਸਮੂਹਾਂ ਵਿਚ ਵੰਡ ਕੇ ਵੱਖ-ਵੱਖ ਅਦਾਰਿਆਂ ’ਤੇ ਇਕੋ ਸਮੇਂ ਸਰਵੇਖਣ ਸ਼ੁਰੂ ਕੀਤਾ। ਅਧਿਕਾਰੀਆਂ ਨੇ ਰੈਡੀਸਨ ਹੋਟਲ ਅਤੇ ਸ਼ੰਕਰ ਸੇਠ ਨਾਲ ਜੁੜੇ ਗੁਰੂਕ੍ਰਿਪਾ ਹੋਟਲਾਂ ਸਮੇਤ ਕਈ ਟਿਕਾਣਿਆਂ ’ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਕਾਰੋਬਾਰੀ ਰਿਕਾਰਡ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਖੰਗਾਲੇ ਗਏ। ਉੱਧਰ, ਆਗਰਾ ਵਿਚ ਐੱਮ. ਜੀ. ਰੋਡ ਅਤੇ ਬੋਦਲਾ-ਸਿਕੰਦਰਾ ਰੋਡ ਸਥਿਤ ਤਨਿਸ਼ਕ ਸ਼ੋਅਰੂਮ ’ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਦੀ ਸੂਚਨਾ ਸਾਹਮਣੇ ਆਈ। ਇਸ ਤੋਂ ਇਲਾਵਾ ਸ਼ੋਅਰੂਮ ਸੰਚਾਲਕ ਅਨੁਰਾਗ ਬਾਂਸਲ ਦੀ ਅਨੁਪਮ ਓਰੀਅਨ ਅਪਾਰਟਮੈਂਟ ਸਥਿਤ ਰਿਹਾਇਸ਼ ’ਤੇ ਵੀ ਟੀਮ ਦੇ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਅਨੁਸਾਰ, ਡਾਲਮੀਆ ਬਾਗ਼ ਰੁੱਖ ਕਟਾਈ ਮਾਮਲੇ ਨਾਲ ਜੁੜੇ ਕੁਝ ਲੋਕਾਂ ਦੇ ਟਿਕਾਣਿਆਂ ’ਤੇ ਵੀ ਕਾਰਵਾਈ ਹੋਣ ਦੀ ਚਰਚਾ ਹੈ।

