Ankita Bhandari murder case: Actress Urmila Sanawar to undergo ‘narco’ and ‘polygraph’ tests
ਅੰਕਿਤਾ ਭੰਡਾਰੀ ਕਤਲ ਕੇਸ; ਅਦਾਕਾਰਾ ਉਰਮਿਲਾ ਸਨਾਵਰ ਦਾ ਹੋਵੇਗਾ ‘ਨਾਰਕੋ’ ਤੇ ‘ਪੌਲੀਗ੍ਰਾਫ’ ਟੈਸਟ
ਦੇਹਰਾਦੂਨ (ਆਵਾਜ਼ਿ ਕੌਮ ਬਿਊਰੋ)-ਉੱਤਰਾਖੰਡ ’ਚ ਹੋਏ ਬਦਨਾਮ ਅੰਕਿਤਾ ਭੰਡਾਰੀ (19) ਕਤਲ ਕੇਸ ’ਚ ਵੀ. ਆਈ. ਪੀਜ਼. ਦੀ ਕਥਿਤ ਭੂਮਿਕਾ ਦੀ ਜਾਂਚ ਦੇ ਹਿੱਸੇ ਵਜੋਂ ਟੈਲੀਵਿਜ਼ਨ ਅਦਾਕਾਰਾ ਉਰਮਿਲਾ ਸਨਾਵਰ ਸ਼ੁੱਕਰਵਾਰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਅਦਾਲਤ ’ਚ ਪੇਸ਼ ਹੋਈ। ਅਦਾਲਤ ਨੇ ਗੁਜਰਾਤ ਦੇ ਗਾਂਧੀਨਗਰ ’ਚ ਉਰਮਿਲਾ ਦਾ ‘ਨਾਰਕੋ’ ਤੇ ‘ਪੌਲੀਗ੍ਰਾਫ’ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਉਰਮਿਲਾ ਦੀ ਵਕੀਲ ਸ਼ਿਵਾਨੀ ਤੋਮਰ ਨੇ ਕਿਹਾ ਕਿ ਅਦਾਲਤ ਨੇ ਟੈਸਟ ਲਈ ਅਜੇ ਕੋਈ ਮਿਤੀ ਨਿਰਧਾਰਤ ਨਹੀਂ ਕੀਤੀ ਹੈ। ਰਿਸ਼ੀਕੇਸ਼ ਨੇੜੇ ਵੰਤਾਰਾ ਰਿਜ਼ੋਰਟ ’ਚ ਰਿਸੈਪਸ਼ਨਿਸਟ ਵਜੋਂ ਕੰਮ ਕਰਨ ਵਾਲੀ ਅੰਕਿਤਾ ਨੂੰ 18 ਸਤੰਬਰ, 2022 ਨੂੰ ਕਤਲ ਕਰ ਦਿੱਤਾ ਗਿਆ ਸੀ। ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਨੇ ਆਪਣੇ 2 ਮੁਲਾਜ਼ਮਾਂ ਸੌਰਭ ਭਾਸਕਰ ਤੇ ਅੰਕਿਤ ਗੁਪਤਾ ਨਾਲ ਮਿਲ ਕੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਸੀ। ਤਿੰਨਾਂ ਨੂੰ ਇਸ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਵਾਲਾਪੁਰ, ਹਰਿਦੁਆਰ ਦੇ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਤੇ ਉਨ੍ਹਾਂ ਦੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਉਰਮਿਲਾ ਸਨਾਵਰ ਦਰਮਿਅਾਨ ਹੋਈ ਕਥਿਤ ਗੱਲਬਾਤ ਦੇ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਿਛਲੇ ਸਾਲ ਦਸੰਬਰ ’ਚ ਇਹ ਮਾਮਲਾ ਦੁਬਾਰਾ ਸੁਰਖੀਆਂ ’ਚ ਆਇਆ ਸੀ। ਆਡੀਓ ਕਲਿੱਪਾਂ ’ਚ ਕਤਲ ਕੇਸ ’ਚ ਇਕ ਵੀ.ਆਈ.ਪੀ. ਦੀ ਭੂਮਿਕਾ ਤੇ ਉਸ ਦੇ ਨਾਂ ਦਾ ਜ਼ਿਕਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

