Gang extorting money by posing as CIA personnel busted; 4 arrested, including a Home Guard jawan
ਫਰਜ਼ੀ CIA ਮੁਲਾਜ਼ਮ ਬਣ ਕੇ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਹੋਮਗਾਰਡ ਜਵਾਨ ਸਮੇਤ 4 ਗ੍ਰਿਫ਼ਤਾਰ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਖਾਕੀ ਵਰਦੀ ਦੀ ਆੜ ਵਿਚ ਆਮ ਲੋਕਾਂ, ਝੁੱਗੀ ਝੌਂਪੜੀ ਨਿਵਾਸੀਆਂ ਅਤੇ ਛੋਟੇ ਦੁਕਾਨਦਾਰਾਂ ’ਤੇ ਰੋਹਬ ਪਾ ਕੇ ਨਾਜਾਇਜ਼ ਵਸੂਲੀ ਕਰਨ ਵਾਲੇ ਇਕ ਸ਼ਾਤਰ ਗਿਰੋਹ ਦਾ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪਰਦਾ ਫਾਸ਼ ਕੀਤਾ ਹੈ। ਖੁਦ ਨੂੰ ਸੀ.ਆਈ.ਏ. ਦਾ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਡਰਾਉਣ, ਧਮਕਾਉਣ ਅਤੇ ਬਲੈਕਮੇਲ ਕਰਨ ਵਾਲੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜਦੋਂਕਿ ਇਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ। ਚੌਂਕਾ ਦੇਣ ਵਾਲੀ ਗੱਲ ਇਹ ਹੈ ਕਿ ਇਸ ਜਥੇਬੰਦਕ ਫਰਜ਼ੀਵਾੜੇ ਦਾ ਮੁੱਖ ਸੂਤਰ ਧਾਰ ਪੰਜਾਬ ਹੋਮਗਾਰਡ ਦਾ ਇਕ ਮੌਜੂਦਾ ਤਾਇਨਾਤ ਜਵਾਨ ਨਿਕਲਿਆ ਹੈ ਜੋ ਮੌਜੂਦਾ ਵਿਚ ਬੈਂਕ ਡਿਊਟੀ ’ਤੇ ਤਾਇਨਾਤ ਸੀ। ਡੀ.ਸੀ.ਪੀ. ਹਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ 12 ਨਵੰਬਰ ਨੂੰ ਸੀ.ਆਈ.ਏ. ਦੇ ਏ.ਐੱਸ.ਆਈ. ਬਲਜਿੰਦਰ ਸਿੰਘ ਆਪਣੀ ਪੁਲਸ ਟੀਮ ਦੇ ਨਾਲ ਫੋਕਲ ਪੁਆਇੰਟ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਲੋਕ ਪੁਲਸ ਦੀ ਵਰਦੀ ਦੀ ਦੁਰਵਰਤੋਂ ਕਰਕੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਘੇਰਾਬੰਦੀ ਕਰਕੇ ਛਾਪੇਮਾਰੀ ਕੀਤੀ ਅਤੇ ਚਾਰ ਮੁਲਜ਼ਮਾਂ ਨੂੰ ਰੰਗੇ ਹੱਥੀਂ ਦਬੋਚ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਿੰਸ (ਨਿਵਾਸੀ ਆਨੰਦ ਨਗਰ, ਖੰਨਾ-ਪੰਜਾਬ ਹੋਮਗਾਰਡ ਜਵਾਨ), ਗੁਰਵਿੰਦਰ ਸਿੰਘ (ਨਿਵਾਸੀ ਪਿੰਡ ਰਹੌਣ, ਤਹਿਸੀਲ ਖੰਨਾ), ਸੁਰਿੰਦਰਪਾਲ ਸਿੰਘ (ਨਿਵਾਸੀ ਪਿੰਡ ਸੰਗਤਪੁਰਾ), ਅਜੀਤ ਕੁਮਾਰ (ਨਿਵਾਸੀ ਪ੍ਰੀਤਮ ਕਾਲੋਨੀ, 33 ਫੁੱਟਾ ਰੋਡ, ਗਿਆਸਪੁਰਾ) ਹੈ, ਜਦੋਂਕਿ ਇਸ ਗਿਰੋਹ ਦਾ ਪੰਜਵਾਂ ਮੈਂਬਰ ਸਿਮਰਨਜੀਤ ਸਿੰਘ (ਨਿਵਾਸੀ ਲਲਹੇੜੀ ਰੋਡ, ਖੰਨਾ) ਪੁਲਸ ਨੂੰ ਧੋਖਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਲਈ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦੀ ਮੁੱਢਲੀ ਪੁੱਛਗਿਛ ਵਿਚ ਸਾਹਮਣੇ ਆਇਆ ਹੈ ਕਿ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਹ ਗਿਰੋਹ ਪਿਛਲੇ ਤਿੰਨ ਮਹੀਨਿਆਂ ਤੋਂ ਸਰਗਰਮ ਸੀ ਅਤੇ ਹੁਣ ਤੱਕ 8 ਤੋਂ 10 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਤੋਂ ਮੋਟੀ ਰਕਮ ਠੱਗ ਚੁੱਕਾ ਹੈ। ਮੁਲਜ਼ਮਾਂ ਦੇ ਅਪਰਾਧ ਕਰਨ ਦਾ ਤਰੀਕਾ ਬੇਹੱਦ ਸ਼ਾਤਰਾਨਾ ਸੀ। ਮੁਲਜ਼ਮ ਇਕ ਬ੍ਰੇਜਾ ਕਾਰ ਵਿਚ ਸਵਾਰ ਹੋ ਕੇ ਨਿਕਲਦੇ ਸਨ। ਇਨ੍ਹਾਂ ਨੇ ਅਧੂਰੀ ਖਾਕੀ ਵਰਦੀ ਪਹਿਨ ਰੱਖੀ ਹੁੰਦੀ ਸੀ ਜਿਸ ਵਿਚ ਇਕ ਮੁਲਜ਼ਮ ਨੂੰ ਖੁਦ ਨੂੰ ਥਾਣਾ ਮੁਖੀ ਦੱਸਦਾ ਸੀ, ਜਦੋਂਕਿ ਬਾਕੀ ਖੁਦ ਨੂੰ ਉਸ ਦਾ ਗੰਨਮੈਨ ਜਾਂ ਸੀ.ਆਈ.ਏ. ਸਟਾਫ ਦਾ ਮੁਲਾਜ਼ਮ ਦਰਸਾਉਂਦੇ ਸਨ। ਗਿਰੋਹ ਦੇ ਮੈਂਬਰ ਝੌਂਪੜੀ ਵਾਲੇ ਇਲਾਕਿਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਤੋਂ ਇਲਾਵਾ ਇਹ ਸੁੰਨਸਾਨ ਰਸਤਿਆਂ ’ਤੇ ਫਰਜ਼ੀ ਨਾਕਾਬੰਦੀ ਕਰਕੇ ਛੋਟੇ ਪੱਧਰ ਦੇ ਨਸ਼ਾ ਸਮੱਗਲਰਾਂ ਜਾਂ ਸ਼ੱਕੀਆਂ ਨੂੰ ਫੜਦੇ ਅਤੇ ਉਨ੍ਹਾਂ ਨੂੰ ਜੇਲ ਭੇਜਣ ਦਾ ਡਰ ਦਿਖਾ ਕੇ ਬਲੈਕਮੇਲ ਕਰਕੇ ਮੋਟੀ ਰਕਮ ਵਸੂਲਦੇ ਸਨ। ਪੁਲਸ ਦੇ ਸ਼ਿਕੰਜੇ ਤੋਂ ਬਚਣ ਲਈ ਮੁਲਜ਼ਮ ਹਰ ਵਾਰ ਆਪਣਾ ਇਲਾਕਾ ਅਤੇ ਠੱਗੀ ਦਾ ਪੈਂਤੜਾ ਬਦਲ ਲੈਂਦੇ ਸਨ ਅਤੇ ਕਿਸੇ ਸਥਾਨਕ ਥਾਣੇ ਦਾ ਨਾਮ ਲੈਣ ਦੀ ਬਜਾਏ ਖੁਦ ਨੂੰ ਸੀ.ਆਈ.ਏ. ਦਾ ਮੁਲਾਜ਼ਮ ਦੱਸਦੇ ਸਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤੀ ਬ੍ਰੇਜਾ ਕਾਰ, ਖਾਕੀ ਪੈਂਟ, ਲਾਂਗ ਕੋਟ, ਪੱਗ ਅਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਹਨ। ਹਾਲਾਂਕਿ ਅਜੇ ਤੱਕ ਇਨ੍ਹਾਂ ਦੇ ਕੋਲੋਂ ਕੋਈ ਹਥਿਆਰ ਬਰਾਮਦ ਹੀਂ ਹੋਇਆ ਹੈ। ਥਾਣਾ ਫੋਕਲ ਪੁਆਇੰਟ ਵਿਚ ਮੁਲਜ਼ਮਾਂ ਖਿਲਾਫ ਧੋਖਾਦੇਹੀ, ਨਾਜਾਇਜ਼ ਵਸੂਲੀ ਅਤੇ ਪੁਲਸ ਦੀ ਵਰਦੀ ਦੀ ਦੁਰਵਰਤੋਂ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਰਿਮਾਂਡ ਦੌਰਾਨ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਮੁਲਜ਼ਮਾਂ ਨੇ ਬਾਕੀ ਵਰਦੀ ਦਾ ਸਮਾਨ ਕਿੱਥੋਂ ਜੁਟਾਇਆ ਸੀ ਅਤੇ ਇਨ੍ਹਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਕੀ ਹੈ।

